ਨਵੀਂ ਦਿੱਲੀ: ਟਾਟਾ ਗਰੁੱਪ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਰਤਨ ਟਾਟਾ ਅੱਜ 83 ਸਾਲਾਂ ਦੇ ਹੋ ਗਏ ਹਨ। ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਦਾ ਜਨਮ 28 ਦਸੰਬਰ, 1937 ਨੂੰ ਹੋਇਆ ਸੀ। ਰਤਨ ਟਾਟਾ ਦਾ ਨਾਮ ਵੀ ਦੇਸ਼ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ ਲਿਆ ਜਾਂਦਾ ਹੈ। ਉਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਪੂਰ ਹੈ, ਜਿਸ ਤੋਂ ਹਰ ਕੋਈ ਪ੍ਰੇਰਣਾ ਲੈ ਸਕਦਾ ਹੈ। ਰਤਨ ਟਾਟਾ ਇੱਕ ਆਰਕੀਟੈਕਟ ਬਣਨਾ ਚਾਹੁੰਦੇ ਸੀ, ਪਰ ਜ਼ਿੰਦਗੀ 'ਚ ਅਜਿਹੀਆਂ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਕਿ ਰਤਨ ਟਾਟਾ ਸਫਲ ਕਾਰੋਬਾਰੀ ਬਣ ਗਏ। ਰਤਨ ਟਾਟਾ ਨੇ ਆਪਣੇ ਵਪਾਰਕ ਕੈਰੀਅਰ ਦੀ ਸ਼ੁਰੂਆਤ 1962 ਵਿੱਚ ਟਾਟਾ ਗਰੁੱਪ ਨਾਲ ਕੀਤੀ ਸੀ।

ਇਸ ਤੋਂ ਬਾਅਦ ਉਹ ਲਗਾਤਾਰ ਆਪਣੀ ਕੰਪਨੀ ਨੂੰ ਅੱਗੇ ਲੈ ਕੇ ਗਏ ਅਤੇ ਵਿਸ਼ਵ ਦੇ ਸਫਲ ਕਾਰੋਬਾਰੀਆਂ 'ਚ ਸ਼ਾਮਲ ਹੋ ਗਏ। ਜੇਆਰਡੀ ਟਾਟਾ ਤੋਂ ਬਾਅਦ 1991 ਵਿੱਚ ਰਤਨ ਟਾਟਾ, ਟਾਟਾ ਗਰੁੱਪ ਦੇ ਪੰਜਵੇ ਚੇਅਰਮੈਨ ਬਣੇ। ਰਤਨ ਟਾਟਾ ਨੇ ਟਾਟਾ ਟੈਲੀ ਸਰਵਿਸਿਜ਼ ਨੂੰ ਲਾਂਚ ਕੀਤਾ ਤੇ ਭਾਰਤ ਦੀ ਪਹਿਲੀ ਸਵਦੇਸ਼ੀ ਵਿਕਸਤ ਕਾਰ ਇੰਡੀਕਾ ਕਾਰ, ਡਿਜ਼ਾਈਨ ਕੀਤੀ ਤੇ ਲਾਂਚ ਕੀਤੀ। ਸਮੂਹ ਨੇ ਬੀਐਸਐਨਐਲ ਨੂੰ ਖਰੀਦ ਲਿਆ, ਜੋ ਇਕ ਸਮੇਂ ਭਾਰਤ ਦਾ ਚੋਟੀ ਦਾ ਅੰਤਰਰਾਸ਼ਟਰੀ ਦੂਰਸੰਚਾਰ ਸੇਵਾ ਪ੍ਰਦਾਤਾ ਸੀ। ਆਪਣੇ ਕਾਰਜਕਾਲ ਦੌਰਾਨ ਰਤਨ ਟਾਟਾ 2004 ਵਿੱਚ ਟਾਟਾ ਕੰਸਲਟੈਂਸੀ ਸੇਵਾਵਾਂ (ਟੀਸੀਐਸ) ਜਨਤਾ ਵਿੱਚ ਲਿਆਏ।

ਰਤਨ ਟਾਟਾ ਨੇ ਕਦੇ ਵਿਆਹ ਨਹੀਂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਦੇ ਮਾਤਾ-ਪਿਤਾ ਦਾ ਵੀ ਤਲਾਕ ਹੋ ਗਿਆ ਸੀ, ਜਿਸ ਕਾਰਨ ਰਤਨ ਟਾਟਾ ਆਪਣੀ ਦਾਦੀ ਨਾਲ ਰਹਿੰਦੇ ਸੀ। ਰਤਨ ਟਾਟਾ ਅਨੁਸਾਰ ਉਨ੍ਹਾਂ ਦੇ ਪਿਤਾ ਨਾਲ ਅਕਸਰ ਮਤਭੇਦ ਹੁੰਦੇ ਸੀ। ਰਤਨ ਟਾਟਾ ਵਾਇਲਨ ਸਿੱਖਣਾ ਚਾਹੁੰਦੇ ਸੀ ਪਰ ਪਿਤਾ ਚਾਹੁੰਦੇ ਸੀ ਕਿ ਉਹ ਪਿਆਨੋ ਸਿੱਖੇ। ਰਤਨ ਟਾਟਾ ਅਮਰੀਕਾ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਪਿਤਾ ਚਾਹੁੰਦੇ ਸੀ ਕਿ ਉਹ ਬ੍ਰਿਟੇਨ ਜਾਣ। ਉਸੇ ਸਮੇਂ ਰਤਨ ਟਾਟਾ ਆਰਕੀਟੈਕਟ ਬਣਨਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਪਿਤਾ ਚਾਹੁੰਦੇ ਸੀ ਕਿ ਉਹ ਇੰਜੀਨੀਅਰ ਬਣਨ।

ਸਿਹਤ ਵਿਭਾਗ ਵੱਲੋਂ ਅਲਰਟ! ਅਗਲੇ ਦਿਨਾਂ 'ਚ ਸ਼ਰਾਬ ਪੀਣਾ ਖਤਰਨਾਕ, ਮੌਤ ਤੱਕ ਹੋ ਸਕਦੀ

ਉਨ੍ਹਾਂ 2008 ਵਿੱਚ ਦੁਨੀਆ ਦੀ ਸਭ ਤੋਂ ਸਸਤੀ ਕਾਰ ਨੈਨੋ ਨੂੰ ਡਿਜ਼ਾਈਨ ਅਤੇ ਲਾਂਚ ਵੀ ਕੀਤਾ ਸੀ। ਉਨ੍ਹਾਂ ਦੀ ਅਗਵਾਈ 'ਚ ਟਾਟਾ ਗਰੁੱਪ ਨੇ ਉਸ ਵੇਲੇ ਗਲੋਬਲ ਸਟੇਜ 'ਤੇ ਪਛਾਣ ਹਾਸਿਲ ਕੀਤੀ ਜਦੋਂ ਉਨ੍ਹਾਂ ਨੇ ਐਂਗਲੋ-ਡੱਚ ਸਟੀਲਮੇਕਰ ਕੋਰਸ ਤੇ ਬ੍ਰਿਟਿਸ਼ ਲਗਜ਼ਰੀ ਕਾਰ ਬ੍ਰਾਂਡ ਜੈਗੁਆਰ ਅਤੇ ਲੈਂਡ ਰੋਵਰ ਤੇ ਬ੍ਰਿਟਿਸ਼ ਚਾਹ ਕੰਪਨੀ ਟੈਟਲੀ ਨੂੰ ਖਰੀਦ ਲਿਆ। ਰਤਨ ਟਾਟਾ ਇੱਕ ਸ਼ਾਨਦਾਰ ਨਿਵੇਸ਼ਕ ਵਜੋਂ ਵੀ ਜਾਣੇ ਜਾਂਦੇ ਹਨ।

ਉਨ੍ਹਾਂ ਨੇ ਕਈ ਸਟਾਰਟਅਪਸ 'ਚ ਉਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਨਿਵੇਸ਼ ਕੀਤਾ ਹੈ, ਜੋ ਹੁਣ ਲੰਬੀ ਰੇਸ ਦੇ ਘੋੜੇ ਬਣ ਗਏ ਹਨ। ਰਤਨ ਟਾਟਾ ਦੀ ਤਰਫੋਂ ਓਲਾ, ਪੇਟੀਐਮ, ਕਾਰਦੇਖੋ, ਕਯੂਰਫਿੱਟ, ਸਨੈਪਡੀਲ ਵਰਗੇ ਸਫਲ ਸਟਾਰਟਅਪ ਵਿੱਚ ਵੀ ਨਿਵੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਅਬਰਾ, ਕਲਾਇਮਾਸੈਲ, ਫਸਟਕਰਾਈ, ਅਰਬਨ ਲੇਡਰ, ਲੈਂਸਕਾਰਟ ਤੇ ਕਈ ਸਟਾਰਟਅਪ 'ਚ ਨਿਵੇਸ਼ ਕੀਤਾ ਹੈ।