ਨਵੀਂ ਦਿੱਲੀ: ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ’ਚ ਅਗਲੇ ਕੁਝ ਦਿਨਾਂ ਦੌਰਾਨ ਠੰਢ ਦਾ ਜ਼ੋਰ ਵਧਣ ਜਾ ਰਿਹਾ ਹੈ। ਅੱਜ 28 ਦਸੰਬਰ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ’ਚ ਬਹੁਤ ਸਖ਼ਤ ਸਰਦੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦੌਰਾਨ ਜ਼ੁਕਾਮ, ਫ਼ਲੂ, ਨੱਕ ’ਚੋਂ ਖ਼ੂਨ ਨਿਕਲਣ ਜਿਹੀਆਂ ਸਮੱਸਿਆਵਾਂ ਵੱਧ ਰਹਿਣ ਦਾ ਖ਼ਦਸ਼ਾ ਹੈ। ਲੰਮੇ ਸਮੇਂ ਤੱਕ ਠੰਢ ’ਚ ਰਹਿਣ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ।


ਮੌਸਮ ਵਿਭਾਗ ਦੀ ਸਲਾਹ ਵਿੱਚ ਲੋਕਾਂ ਨੂੰ ਨਵੇਂ ਸਾਲ ਜਾਂ ਕਿਸੇ ਹੋਰ ਮੌਕੇ ਸਖ਼ਤ ਠੰਢ ਵਿੱਚ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਗਿਆ ਹੈ। ਵਿਭਾਗ ਮੁਤਾਬਕ ਇਸ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ। ਇਸ ਲਈ ਬਿਹਤਰ ਹੈ ਘਰ ’ਚ ਰਹੋ ਤੇ ਵਿਟਾਮਿਨ ‘ਸੀ’ ਨਾਲ ਭਰਪੂਰ ਫਲਾਂ ਦੀ ਵਰਤੋਂ ਕਰੋ। ਸੀਤ-ਲਹਿਰ ਦਾ ਮੁਕਾਬਲਾ ਕਰਨ ਲਈ ਨਿਯਮਤ ਤੌਰ ਉੱਤੇ ਆਪਣੀ ਚਮੜੀ ਨੂੰ ਚਿਕਨਾ ਰੱਖਣ ਦੀ ਵੀ ਲੋੜ ਪੈਂਦੀ ਹੈ।






ਆਮ ਤੌਰ ’ਤੇ ਮੰਨਿਆ ਇਹੋ ਜਾਂਦਾ ਹੈ ਕਿ ਸ਼ਰਾਬ ਨਾਲ ਮਨੁੱਖੀ ਸਰੀਰ ਨੂੰ ਠੰਢ ਨਹੀਂ ਲੱਗਦੀ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਠੰਢ ਵਿੱਚ ਸ਼ਰਾਬ ਦਾ ਸੇਵਨ ਦਿਲ ਲਈ ਬਹੁਤ ਨੁਕਸਾਨ ਸਿੱਧ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਨਾ ਸਿਰਫ਼ ਸਰਦੀ-ਜ਼ੁਕਾਮ ਰਹਿਣ ਲੱਗਦਾ ਹੈ, ਸਗੋਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ 30 ਫ਼ੀਸਦੀ ਤੱਕ ਵਧ ਸਕਦਾ ਹੈ।


ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਖ਼ੂਨ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਦਿਲ ’ਚ ਖ਼ੂਨ ਦਾ ਦੌਰਾ ਜਾਰੀ ਰੱਖਣ ਲਈ ਵੱਧ ਮਿਹਨਤ ਕਰਨੀ ਪੈ ਸਕਦੀ ਹੈ ਤੇ ਹਾਈਪੋਥਰਮੀਆ ਵੀ ਹੋ ਸਕਦਾ ਹੈ। ਅਜਿਹੀ ਹਾਲਤ ਵਿੱਚ ਸ਼ਰਾਬ ਪੀਣਾ ਤੁਹਾਡੇ ਦਿਲ ਲਈ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ।