Stamepede at Banke bihar Mandir: ਜਨਮਾਸ਼ਟਮੀ ਮੌਕੇ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ 'ਚ ਇਕੱਠੀ ਹੋਈ ਭੀੜ ਬੇਕਾਬੂ ਹੋ ਗਈ। ਭਗਦੜ ਵਿਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਨੋਇਡਾ ਦੀ ਨਿਰਮਲਾ ਦੇਵੀ ਅਤੇ ਜਬਲਪੁਰ ਦੇ ਰਾਜਕੁਮਾਰ ਵਜੋਂ ਹੋਈ ਹੈ।


ਐਸਐਸਪੀ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਭੀੜ ਵਧਣ ਕਾਰਨ ਹਾਦਸਾ ਵਾਪਰਿਆ। ਦੁਪਹਿਰ 2 ਵਜੇ ਮੰਗਲਾ ਆਰਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੀੜ ਵਧਣੀ ਸ਼ੁਰੂ ਹੋ ਗਈ ਅਤੇ ਦਮ ਘੁਟਣ ਕਾਰਨ 50 ਦੇ ਕਰੀਬ ਲੋਕ ਬੇਹੋਸ਼ ਹੋ ਗਏ।




ਠਾਕੁਰ ਬਾਂਕੇ ਬਿਹਾਰੀ ਮੰਦਰ ਵਿੱਚ ਸਾਲ ਵਿੱਚ ਇੱਕ ਵਾਰ ਹੋਣ ਵਾਲੀ ਮੰਗਲਾ ਆਰਤੀ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਦੀ ਗਿਣਤੀ ਮੰਦਰ ਦੀ ਸਮਰੱਥਾ ਤੋਂ ਕਈ ਗੁਣਾ ਜ਼ਿਆਦਾ ਹੋਣ ਕਾਰਨ ਦਮ ਘੁੱਟਣ ਨਾਲ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਭਗਦੜ ਕਾਰਨ ਦੋ ਦਰਜਨ ਸ਼ਰਧਾਲੂ ਜ਼ਖ਼ਮੀ ਹੋ ਗਏ।ਹਾਦਸੇ ਵਿੱਚ ਨੋਇਡਾ ਸੈਕਟਰ 99 ਦੀ ਰਹਿਣ ਵਾਲੀ ਔਰਤ ਨਿਰਮਲਾ ਦੇਵੀ ਅਤੇ ਵਰਿੰਦਾਵਨ ਦੀ ਰੁਕਮਣੀ ਵਿਹਾਰ ਕਲੋਨੀ ਵਾਸੀ ਰਾਮ ਪ੍ਰਸਾਦ ਵਿਸ਼ਵਕਰਮਾ (65) ਦੀ ਮੌਤ ਹੋ ਗਈ। ਰਾਮ ਪ੍ਰਸਾਦ ਮੂਲ ਰੂਪ ਤੋਂ ਜਬਲਪੁਰ ਦਾ ਰਹਿਣ ਵਾਲਾ ਸੀ।


ਜਿਸ ਸਮੇਂ ਮੰਦਰ 'ਚ ਹਾਦਸਾ ਹੋਇਆ, ਉਸ ਸਮੇਂ ਡੀਐੱਮ, ਐੱਸਐੱਸਪੀ, ਨਗਰ ਨਿਗਮ ਕਮਿਸ਼ਨਰ ਸਮੇਤ ਭਾਰੀ ਪੁਲਸ ਫੋਰਸ ਮੌਜੂਦ ਸੀ। ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਅਤੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਬੇਹੋਸ਼ ਹੋਏ ਸ਼ਰਧਾਲੂਆਂ ਨੂੰ ਮੰਦਰ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਹਾਦਸੇ 'ਚ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਵਰਿੰਦਾਵਨ ਦੇ ਰਾਮ ਕ੍ਰਿਸ਼ਨ ਮਿਸ਼ਨ, ਬ੍ਰਜ ਹੈਲਥ ਕੇਅਰ ਅਤੇ ਸੌ ਸ਼ਈਆ ਹਸਪਤਾਲ 'ਚ ਭੇਜਿਆ ਗਿਆ ਹੈ। ਜਿੱਥੇ ਡਾਕਟਰਾਂ ਨੇ ਦੋ ਸ਼ਰਧਾਲੂਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਹਾਦਸਾ 4 ਨੰਬਰ ਗੇਟ 'ਤੇ ਇਕ ਸ਼ਰਧਾਲੂ ਦੇ ਬੇਹੋਸ਼ ਹੋ ਜਾਣ ਕਾਰਨ ਵਾਪਰਿਆ। ਮੰਦਿਰ ਦੇ ਦੋ ਬਾਹਰ ਨਿਕਲਣ ਵਾਲੇ ਗੇਟ ਹਨ। 4 ਨੰਬਰ ਅਤੇ 1 ਨੰਬਰ। 4 ਨੰਬਰ ਗੇਟ 'ਤੇ ਇਕ ਸ਼ਰਧਾਲੂ ਸਾਹ ਘੁੱਟਣ ਕਾਰਨ ਬੇਹੋਸ਼ ਹੋ ਗਿਆ। ਜਦੋਂ ਤੱਕ ਪੁਲਸ ਕਰਮਚਾਰੀ ਉਸ ਨੂੰ ਬਾਹਰ ਲੈ ਗਏ, ਉਦੋਂ ਤੱਕ ਮੰਦਰ ਤੋਂ ਬਾਹਰ ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਚੁੱਕੀ ਸੀ। ਜਿਸ ਕਾਰਨ ਹੋਰ ਸ਼ਰਧਾਲੂਆਂ ਦਾ ਦਮ ਘੁੱਟ ਗਿਆ ਅਤੇ ਇਹ ਹਾਦਸਾ ਵਾਪਰ ਗਿਆ।