ਨਵੀਂ ਦਿੱਲੀ: 'ਟਾਈਮਜ਼ ਲਿਟਫੈਸਟ' ਵਿੱਚ ਰਾਸ਼ਟਰਵਾਦ ਦੇ ਮੁੱਦੇ 'ਤੇ ਚਰਚਾ ਦੌਰਾਨ ਵੱਖ-ਵੱਖ ਦਲਾਂ ਦੇ ਨੇਤਾਵਾਂ ਨੇ ਕਿਹਾ ਕਿ ਥਿਏਟਰ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਵੱਜਣ 'ਤੇ ਖੜ੍ਹਾ ਨਹੀਂ ਹੋਣਾ ਕਿਸੇ ਵਿਅਕਤੀ ਦੇ ਰਾਸ਼ਟਰਵਾਦ ਨੂੰ ਨਹੀਂ ਦਰਸਾਉਂਦਾ।


ਆਲ ਇੰਡੀਆ ਮਜਲਿਸ-ਏ-ਉਲ ਮੁਸਲਮੀਨ ਦੇ ਮੁਖੀ ਅਸੱਦੁਦੀਨ ਓਵੈਸੀ, ਜੇ.ਡੀ.ਯੂ ਨੇਤਾ ਪਵਨ ਵਰਮਾ, ਕਾਂਗਰਸੀ ਸਾਂਸਦ ਅਭਿਸ਼ੇਕ ਮਨੁ ਸਿੰਘਵੀ, ਸਾਬਕਾ ਸੋਲੀਸਿਟਰ ਜਨਰਲ ਗੋਪਾਲ ਸੁਬਰਾਮਨੀਅਮ ਤੇ ਰਾਜ ਸਭਾ ਮੈਂਬਰ ਸਵਪਨ ਦਾਸਗੁਪਤਾ ਨੇ ਇਹ ਰਾਏ ਰੱਖੀ।

ਥਿਏਟਰਾਂ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਵੱਜਣ ਸਮੇਂ ਵਿਅਕਤੀਆਂ ਦੇ ਖੜ੍ਹੇ ਹੋਣ ਨੂੰ ਲਾਜ਼ਮੀ ਦੱਸਣ ਵਾਲੇ ਸੁਪਰੀਮ ਕੋਰਟ ਦੇ ਸ਼ੁਰੂਆਤੀ ਫੈਸਲੇ ਬਾਰੇ ਦਾਸਗੁਪਤਾ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਰਾਸ਼ਟਰੀ ਗੀਤ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਪਰ ਰਾਸ਼ਟਰੀ ਗੀਤ ਵੱਜਣ ਸਮੇਂ ਖੜ੍ਹੇ ਹੋਣ ਦੇ ਮੁੱਦੇ 'ਤੇ ਲੋੜ ਤੋਂ ਵੱਧ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਮੱਸਿਆ ਓਦੋਂ ਪੈਦਾ ਹੁੰਦੀ ਹੈ ਜਦ ਤੁਸੀਂ ਰਾਸ਼ਟਰੀ ਗੀਤ ਲਈ ਖੜ੍ਹਾ ਹੋਣ ਤੇ ਲੋੜ ਤੋਂ ਵੱਧ ਧਿਆਨ ਦਿੰਦੇ ਹੋ।

ਉੱਥੇ ਹੀ ਸਿੰਘਵੀ ਦਾ ਮੰਨਣਾ ਹੈ ਕਿ ਰਾਸ਼ਟਰੀ ਗੀਤ ਨੂੰ ਪੱਕੇ ਤੌਰ ਤੇ ਗਾਣੇ ਦੇ ਰੂਪ ਵਿੱਚ ਥੋਪਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਲਾਗੂ ਕਰਨਾ ਹੈ ਤਾਂ ਸੰਸਦ ਜ਼ਰੀਏ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਨਿਆਇਕ ਆਦੇਸ਼ ਜ਼ਰੀਏ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।

ਅਜਿਹੀ ਹੀ ਰਾਏ ਰੱਖਦਿਆਂ ਓਵੈਸੀ ਨੇ ਕਿਹਾ ਕਿ ਰਾਸ਼ਟਰੀ ਗੀਤ ਜਾਂ ਰਾਸ਼ਟਰੀ ਗੀਤ ਖਿਲਾਫ ਨਹੀਂ ਪਰ ਇਸ ਗੱਲ ਦੇ ਖਿਲਾਫ ਹਨ ਕਿ ਜੇਕਰ ਕੋਈ ਇਹ ਕਹੇ ਕਿ ਰਾਸ਼ਟਰੀ ਗੀਤ ਤੇ ਖੜ੍ਹੇ ਹੋਣਾ ਮੇਰੇ ਰਾਸ਼ਟਰਵਾਦ ਦੀ ਪ੍ਰੀਖਿਆ ਹੈ ਤਾਂ ਮੈਂ ਇਸ ਨੂੰ ਸਵੀਕਾਰ ਨਹੀਂ ਕਰੂੰਗਾ। ਕਿਸੇ ਨੂੰ ਵੀ ਮੇਰਾ ਰਾਸ਼ਟਰਵਾਦ ਜਾਂ ਮੇਰੀ ਨਿਸ਼ਠਾ ਦੀ ਪ੍ਰੀਖਿਆ ਲੈਣ ਦਾ ਕੋਈ ਅਧਿਕਾਰ ਨਹੀਂ ਹੈ।''