ਸਰਕਾਰੀ ਹਸਪਤਾਲ ਦੀ ਖੁੱਲ੍ਹੀ ਪੋਲ, ਕੂੜੇ 'ਚ ਸੁੱਟੀ ਨਵ-ਜਨਮੇ ਬੱਚੇ ਦੀ ਲਾਸ਼ ਨੂੰ ਆਵਾਰਾ ਕੁੱਤੇ ਨੇ ਨੋਚਿਆ
ਏਬੀਪੀ ਸਾਂਝਾ | 22 Mar 2019 06:09 PM (IST)
ਬੰਗਲੁਰੂ: ਕਰਨਾਟਕਾ ਦੇ ਸਰਕਾਰੀ ਹਸਪਤਾਲ 'ਚੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨਵ-ਜਨਮੇ ਬੱਚੇ ਦੀ ਲਾਸ਼ ਨੂੰ ਕੁੱਤੇ ਨੇ ਨੋਚ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਟਾਫ ‘ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਕੂੜੇ ਦੇ ਡੱਬੇ ‘ਚ ਸੁੱਟ ਦਿੱਤਾ, ਜਿੱਥੇ ਆਵਾਰਾ ਕੁੱਤੇ ਬੈਠੇ ਰਹਿਮਦੇ ਹਨ। ਕ੍ਰਿਸ਼ਨਗਿਰੀ ਦੇ ਪਿੰਡ ਕਾਰਨੂਰ ਦੇ ਰਹਿਣ ਵਾਲੇ ਐਮ ਨਗਾਮਾ ਨੇ ਬੁੱਧਵਾਰ ਨੂੰ ਹੌਸਰ ਸਰਕਾਰੀ ਹਸਪਤਾਲ ‘ਚ ਇੱਕ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਵਜ਼ਨ ਘੱਟ ਹੋਣ ਕਾਰਨ ਉਸ ਨੂੰ ਡਾਕਟਰਾਂ ਨੇ ਆਪਣੀ ਨਿਗਰਾਨੀ ‘ਚ ਰੱਖਿਆ, ਪਰ ਬੱਚੇ ਦੀ ਮੌਤ ਹੋ ਗਈ। ਸਟਾਫ ਨੇ ਬੱਚੇ ਦੀ ਦੇਹ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤੀ। ਆਵਾਜਾਈ ਦੀ ਸੁਵਿਧਾ ਨਾ ਹੋਣ ਕਾਰਨ ਪਰਿਵਾਰ ਨੇ ਰਾਤ ਭਰ ਉੱਥੇ ਹੀ ਰੁਕਣ ਦਾ ਫੈਸਲਾ ਲਿਆ। ਇਸੇ ਦੌਰਾਨ ਮੌਜੂਦ ਲੋਕਾਂ ਨੇ ਬੱਚੇ ਦੀ ਲਾਸ਼ ਵਾਰਡ ਰੱਖੇ ਜਾਣ 'ਤੇ ਇਤਰਾਜ਼ ਜਤਾਇਆ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਥਿਤ ਤੌਰ 'ਤੇ ਲਾਸ਼ ਨੂੰ ਪਲਾਸਟੀਕ ਦੀ ਥੈਲੀ ‘ਚ ਪਾ ਕੇ ਹਸਪਤਾਲ ਦੇ ਪਖ਼ਾਨੇ ‘ਚ ਰੱਖ ਦਿੱਤਾ। ਬੁੱਧਵਾਰ ਦੀ ਰਾਤ ਹੀ ਜਦੋਂ ਸਫ਼ਾਈ ਵਾਲਾ ਆਇਆ ਤਾਂ ਉਸ ਨੇ ਬੱਚੇ ਦੀ ਲਾਸ਼ ਵਾਲੀ ਥੈਲੀ ਵੀ ਕਚਰਾ ਪੇਟੀ ‘ਚ ਸੁੱਟ ਦਿੱਤੀ। ਅਗਲੀ ਸਵੇਰ ਜਦੋਂ ਹਸਪਤਾਲ ਪ੍ਰਸਾਸ਼ਨ ਨੂੰ ਇਸ ਦਾ ਪਤਾ ਲੱਗਿਆ ਉਦੋਂ ਤਕ ਕੁੱਤਾ ਲਾਸ਼ ਨੂੰ ਬੂਰੀ ਤਰ੍ਹਾਂ ਨੋਚ ਚੁੱਕਿਆ ਸੀ। ਬੱਚੇ ਦੀ ਲਾਸ਼ ਦੀ ਆਟੋਪਸੀ ਕਰਵਾਏ ਜਾਣ ਤੋਂ ਪਹਿਲਾਂ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਸੀ। ਰਿਪੋਰਟਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਬੱਚੇ ਦੀ ਲਾਸ਼ ਮਿਲੀ ਉਸ ਦਾ ਚਿਹਰਾ, ਲੱਤਾਂ ਅਤੇ ਹੱਥਾਂ ਦਾ ਇੱਕ ਹਿੱਸਾ ਉਸ ਤੋਂ ਵੱਖ ਸੀ। ਇਸ ਸਬੰਧ ‘ਚ ਹੋਸੁਰ ਪੁਲਿਸ ਨੇ ਸ਼ਿਕਾਇਤ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਲਾਤ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਹਸਪਤਾਲ ਦੇ ਮੈਡੀਕਲ ਅਫ਼ਸਰ ਐਸ ਬੋਓਪੈਥੀ ਕਿਹਾ ਕਿ ਬੱਚੇ ਦੀ ਮੌਤ ਗਰਭ ਅਵਸਥਾ ਦੌਰਾਨ ਹੀ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਦੇਸ਼ ‘ਚ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਪਿਛਲੇ ਸਾਲ ਅਕਤੂਬਰ ‘ਚ ਅਜਿਹੀ ਹੀ ਘਟਨਾ ਪੰਜਾਬ ਦੇ ਅੰਮ੍ਰਿਤਸਰ ‘ਚ ਵੀ ਹੋ ਚੁੱਕੀ ਹੈ।