Stubble Burning - ਦਿੱਲੀ ਐੱਨਸੀਆਰ 'ਚ ਵਧੇ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਕਾਰਨ ਸਾਰਾ ਧੂੰਆਂ ਦਿੱਲੀ 'ਚ ਪਹੁੰਚਿਆ ਹੈ। ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਕੇਂਦਰ ਸਰਕਾਰ ਨੇ ਮੁੱਖ ਤੌਰ 'ਤੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 


ਕੇਂਦਰ ਸਰਕਾਰ ਨੇ  ਸਬੰਧ 'ਚ ਇਕ ਰਿਪੋਰਟ ਵੀ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਐੱਨਸੀਆਰ ਦੀ ਪ੍ਰਦੂਸ਼ਿਤ ਹਵਾ 'ਚ ਪਰਾਲੀ ਸੜਨ ਦੀ ਹਿੱਸੇਦਾਰੀ ਮੌਜੂਦਾ ਸਮੇਂ 'ਚ 38 ਫ਼ੀਸਦੀ ਤੋਂ ਜ਼ਿਆਦਾ ਹੈ। ਪਰਾਲੀ ਸਾੜਨ ਦੇ ਦੇਸ਼ ਭਰ 'ਚ ਕੁੱਲ 24,695 ਮਾਮਲਿਆਂ 'ਚੋਂ 93 ਫ਼ੀਸਦੀ ਤੋਂ ਜ਼ਿਆਦਾ ਕੇਸ ਇਕੱਲੇ ਪੰਜਾਬ ਦੇ ਹਨ, ਜਦਕਿ ਹਰਿਆਣਾ ਦੀ ਇਸ 'ਚ ਹਿੱਸੇਦਾਰੀ ਕਰੀਬ ਸਾਢੇ ਛੇ ਫ਼ੀਸਦੀ ਹੈ।


ਇਸ ਸਬੰਧੀ ਕੈਬਨਿਟ ਸਕੱਤਰ ਨੇ ਸੂਬੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੰਗਲਵਾਰ ਨੂੰ ਹੀ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੂੰ ਖੇਤਾਂ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਹਾ ਸੀ।



ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ - ਇਸ ਸਾਲ ਖੇਤਾਂ ਨੂੰ ਅੱਗ ਲੱਗਣ ਦੀਆਂ 93 ਫੀਸਦੀ ਘਟਨਾਵਾਂ ਪੰਜਾਬ ਵਿੱਚ ਵਾਪਰੀਆਂ, ਜਿਸ ਕਾਰਨ ਦਿੱਲੀ-ਐਨਸੀਆਰ ਗੈਸ ਚੈਂਬਰ ਬਣ ਗਿਆ।  ਕਿਉਂਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਵਿਕਲਪ ਦੇਣ ਵਿੱਚ ਨਾਕਾਮ ਰਹੀ ਹੈ। 


 


ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਸਬੰਧਤ ਅੰਕੜੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਵਾਢੀ ਦੇ ਚਾਲੂ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਕੁੱਲ 24 ਹਜ਼ਾਰ 695 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 22 ਹਜ਼ਾਰ 981:ਯਾਨੀ 93% ਸਿਰਫ਼ ਪੰਜਾਬ ਦੇ ਹਨ। ਇਕ ਹੋਰ ਪੋਸਟ ਵਿਚ ਉਨ੍ਹਾਂ ਲਿਖਿਆ, '2018 ਤੋਂ ਕੇਂਦਰ ਨੇ ਪੰਜਾਬ ਨੂੰ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਲਈ 1426.41 ਕਰੋੜ ਰੁਪਏ ਦਿੱਤੇ ਹਨ।'


 


ਪੰਜਾਬ ਨੇ ਪੈਸੇ ਦੀ ਕਮੀ ਦਾ ਦਿੱਤਾ ਹਵਾਲਾ


ਪਰਾਲੀ ਮੈਨੇਜਮੈਂਟ ਲਈ ਵੱਡੇ ਪੱਧਰ ’ਤੇ ਮਸ਼ੀਨਾਂ ਮੁਹੱਈਆ ਕਰਵਾਏ ਜਾਣ ਤੋਂ ਬਾਅਦ ਵੀ ਪਰਾਲੀ ਸੜਨ ਦੀਆਂ ਘਟਨਾਵਾਂ 'ਤੇ ਪੂਰੀ ਤਰ੍ਹਾਂ ਨਾ ਰੋਕ ਨਾ ਲੱਗਣ ਲਈ ਕੈਬਨਿਟ ਸਕੱਤਰ ਦੀ ਬੈਠਕ 'ਚ ਬੁੱਧਵਾਰ ਨੂੰ ਪੁੱਛੇ ਗਏ ਸਵਾਲ 'ਤੇ ਪੰਜਾਬ ਨੇ ਪੈਸਿਆਂ ਦੀ ਕਮੀ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਇਸ ਕਾਰਨ ਉਹ ਇਨ੍ਹਾਂ ਮਸ਼ੀਨਾਂ ਦੀ ਵਰਤੋ ਠੀਕ ਤਰੀਕੇ ਨਾਲ ਨਹੀਂ ਕਰ ਸਕਿਆ। ਪੰਜਾਬ ਨੇ ਇਹ ਦਲੀਲ ਉਦੋਂ ਦਿੱਤੀ ਜਦੋਂ ਮਸ਼ੀਨਾਂ ਦਾ ਠੀਕ ਤਰੀਕੇ ਨਾਲ ਵਰਤਾਂ ਲਈ ਹਰਿਆਣੇ ਦੀ ਪਿੱਠ ਥਾਪੜੀ ਗਈ। ਬੈਠਕ 'ਚ ਹਰਿਆਣੇ ਨੇ ਪੂਰਾ ਪਲਾਨ ਪੇਸ਼ ਕਰਦੇ ਹੋਏ ਦੱਸਿਆ ਕਿ ਕਿਵੇਂ ਸੂਬੇ 'ਚ ਕਿਸਾਨਾਂ ਦੀ ਪਰਾਲੀ ਮੈਨੇਜਮੈਂਟ 'ਚ ਮਦਦ ਕੀਤੀ ਗਈ।