ਪਾਨੀਪਤ: ਹਰਿਆਣਾ ਸਰਕਾਰ ਦਾ 'ਬੇਟੀ ਬਚਾਓ' ਦਾ ਨਾਅਰਾ ਬੇਅਸਰ ਨਜ਼ਰ ਆ ਰਿਹਾ ਹੈ। ਸੂਬੇ ਵਿੱਚ ਇੱਕ ਹੋਰ ਛੇੜਛਾੜ ਦਾ ਮਾਮਲਾ ਸਾਹਮਣਾ ਨਜ਼ਰ ਆਇਆ ਹੈ। ਪਾਨੀਪਤ ਦੇ ਸਮਾਲਖਾ ਬਲਾਕ 'ਚ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਛੇੜਛਾੜ ਤੇ ਸਰੀਰਕ ਸੋਸ਼ਣ ਦੀ ਕੋਸ਼ਿਸ਼ ਕੀਤੀ ਗਈ।


ਹਾਸਲ ਜਾਣਕਾਰੀ ਮੁਤਾਬਕ 10 ਅਣਪਛਾਤੇ ਲੋਕਾਂ ਨੇ 8ਵੀਂ ਜਮਾਤ ਦੀ ਵਿਦਿਆਰਥਣ ਨੂੰ ਸਕੂਲ ਤੋਂ ਛੁੱਟੀ ਵੇਲੇ ਅਗਵਾ ਕਰ ਲਿਆ। ਇਸ ਤੋਂ ਬਾਅਦ ਉਹ ਨਾਬਾਲਗ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਦੇ ਕੇ ਖੇਤਾਂ 'ਚ ਲੈ ਗਏ ਜਿੱਥੇ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਵਿਦਿਆਰਥਣ ਸਕੂਲੀ ਵਰਦੀ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ।


ਪਿੰਡ ਵਾਸੀਆਂ ਨੇ ਵਿਦਿਆਰਥਣ ਨੂੰ ਦੇਖ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਘਟਨਾ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਾਸੀ ਖੇਤ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸੂਚਨਾ ਮਿਲਦਿਆਂ ਹੀ ਡੀਐਸਪੀ ਜਗਦੀਪ ਦੂਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ।


ਜ਼ਿਕਰਯੋਗ ਹੈ ਕਿ ਹਰਿਆਣਾ 'ਚ ਨਾਬਾਲਗ ਲੜਕੀਆਂ ਨਾਲ ਛੇੜਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਅਜੇ ਰੇਵਾੜੀ 'ਚ ਹੋਏ ਗੈਂਗਰੇਪ ਦੇ ਸਾਰੇ ਦੋਸ਼ੀ ਫੜੇ ਵੀ ਨਹੀਂ ਗਏ ਕਿ ਅਜਿਹੀ ਹੀ ਘਟਨਾ ਸਮਾਲਖਾ 'ਚ ਵਾਪਰੀ ਹੈ।


ਪੀੜਤਾ ਨੇ ਸ਼ਿਕਾਇਤ 'ਚ ਦੱਸਿਆ ਕਿ 10-12 ਲੋਕ ਕਾਲੀ ਗੱਡੀ 'ਚ ਆਏ ਸਨ ਤੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਪਿਆ ਕੇ ਲੈ ਗਏ। ਡੀਐਸਪੀ ਦੂਨ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ 10 ਅਗਿਆਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।