ਹੈਦਰਾਬਾਦ: ਤੇਲੰਗਾਨਾ ਵਿੱਚ ਔਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਗਰਭਵਤੀ ਮਹਿਲਾ ਦੇ ਸਾਹਮਣੇ ਹੀ ਉਸਦੇ ਪਤੀ ਨੂੰ ਕੁਹਾੜਾ ਮਾਰ ਕੇ ਵੱਢ ਦਿੱਤਾ। 23 ਸਾਲਾਂ ਦਾ ਪ੍ਰਣਯ ਕੁਮਾਰ ਆਪਣੀ ਪਤਨੀ ਅੰਮ੍ਰਿਤਾਵਰਸ਼ਿਨੀ ਨਾਲ ਉਸਦੇ ਚੈੱਕਅੱਪ ਲਈ ਹਸਪਤਾਲ ਪੁੱਜਾ ਸੀ ਜਿੱਥੇ ਉਸਦਾ ਕਤਲ ਕਰ ਦਿੱਤਾ ਗਿਆ।
ਮਹਿਲਾ ਨੇ ਆਪਣੇ ਪਰਿਵਾਰ ’ਤੇ ਪਤੀ ਦੇ ਕਤਲ ਦਾ ਇਲਜ਼ਾਮ ਲਾਇਆ ਹੈ। ਉਸਨੇ ਕਿਹਾ ਕਿ ਉਸਦਾ ਪਰਿਵਾਰ ਕਦੀ ਉਸਦੇ ਵਿਆਹ ਲਈ ਰਾਜ਼ੀ ਨਹੀਂ ਸੀ। ਜਦੋਂ ਉਸਦੇ ਪਿਤਾ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ ਤਾਂ ਉਹ ਉਸ ’ਤੇ ਗਰਭਪਾਤ ਕਰਵਾਉਣ ਦਾ ਦਬਾਅ ਪਾਉਣ ਲੱਗੇ। ਉਸਨੇ ਕਿਹਾ ਕਿ ਉਸਦੇ ਪਤੀ ਦਾ ਕਤਲ ਉਸਦੇ ਪਿਤਾ ਤੇ ਚਾਚੇ ਨੇ ਕਰਵਾਇਆ ਹੈ।
ਇਹ ਪੂਰੀ ਘਟਨਾ ਹਸਪਤਾਲ ਦੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਵਿੱਚ ਸਾਫ ਦਿਖ ਰਿਹਾ ਹੈ ਕਿ ਜਿਵੇ ਹੀ ਪ੍ਰਣਯ ਹਸਪਤਾਲ ਤੋਂ ਬਾਹਰ ਨਿਕਲਦਾ ਹੈ ਇੱਕ ਆਦਮੀ ਉਸਦੇ ਸਿਰ ’ਤੇ ਕੁਹਾੜੇ ਨਾਲ ਵਾਰ ਕਰਦਾ ਹੈ ਤੇ ਉੱਥੋਂ ਫਰਾਰ ਹੋ ਜਾਂਦਾ ਹੈ। ਪੁਲਿਸ ਨੇ ਅੰਮ੍ਰਿਤਾਵਰਸ਼ਿਨੀ ਦੇ ਪਿਤਾ ਮਾਰੂਤੀ ਰਾਵ ਤੇ ਚਾਚਾ ਸਰਵਣ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਕਾਨਟਰੈਕਟ ਕਿਲਰ ਜ਼ਰੀਏ ਕਰਵਾਇਆ ਗਿਆ ਹੈ।