ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਰਿਕਰ ਦੀ ਗ਼ੈਰ-ਮੌਜੂਦਗੀ ਨਾਲ ਸੂਬੇ ਦੀ ਸਿਆਸਤ ਵਿੱਚ ਭੂਚਾਲ ਆਇਆ ਹੋਇਆ ਹੈ। ਇਸੇ ਹਾਲਾਤ ਦਾ ਲਾਹਾ ਲੈਂਦਿਆਂ ਵਿਰੋਧੀ ਧਿਰ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਰਾਜਪਾਲ ਕੋਲ ਪੁੱਜੇ 14 ਵਿਧਾਇਕ
ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਬਾਬੂ ਕਵਲੇਕਰ ਦੀ ਅਗਵਾਈ ਵਿੱਚ 14 ਵਿਧਾਇਕ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਪਹੁੰਚੇ। ਇੱਥੇ ਪਹੁੰਚ ਕੇ ਰਾਜਪਾਲ ਨੂੰ ਦੋ ਮੰਗ ਪੱਤਰ ਸੌਂਪੇ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਹਾਲਾਂਕਿ, ਗਵਰਨਰ ਉਸ ਸਮੇਂ ਹਾਜ਼ਰ ਨਹੀਂ ਸਨ ਪਰ ਰਾਜਪਾਲ ਦਫ਼ਤਰ ਨੇ ਇਹ ਮੰਗ ਪੱਤਰ ਲੈ ਲਏ।
ਭਲਕੇ ਮੀਟਿੰਗ ਤੈਅ
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਲਕੇ ਰਾਜਪਾਲ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਦੱਸ ਦੇਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਪਰ ਸਰਕਾਰ ਬਣਾਉਣ ਦੇ ਦਾਅਵੇ ਵਿੱਚ ਦੇਰੀ ਹੋਣ ਕਾਰਨ ਬੀਜੇਪੀ ਨੇ ਗੋਆ ਵਿੱਚ ਸਰਕਾਰ ਦਾ ਗਠਨ ਕਰ ਲਿਆ।
ਕੀ ਹੈ ਇਹ ਸਿਆਸੀ ਤੂਫ਼ਾਨ
ਦਰਅਸਲ, ਮਨੋਹਰ ਪਰਿਕਰ ਦੇ ਬਿਮਾਰ ਹੋਣ ਕਾਰਨ ਗੋਆ ਵਿੱਚ ਉਨ੍ਹਾਂ ਦੀ ਗ਼ੈਰ ਮੌਜੂਦਗੀ ਕਾਰਨ ਸਰਕਾਰ ਦੀ ਸਹਿਯੋਗੀ ਪਾਰਟੀ ਦੇ ਕੁਝ ਨੇਤਾਵਾਂ ਨੇ ਬੀਜੇਪੀ ਦਾ ਮੁੱਖ ਮੰਤਰੀ ਬਦਲਣ ਦੀ ਮੰਗ ਕੀਤੀ ਹੈ। ਸਰਕਾਰ ਦੀ ਸਹਿਯੋਗੀ ਪਾਰਟੀ ਮਹਾਰਾਸ਼ਟਰ ਗੋਮਾਂਤਕ ਪਾਰਟੀ ਦੀ ਇਸ ਮੰਗ ਨੂੰ ਬੀਜੇਪੀ ਨੇਤਾ ਰਾਮਲਾਲ ਨੇ ਮਨ੍ਹਾ ਕਰ ਦਿੱਤਾ ਹੈ। ਹਾਲਾਂਕਿ, ਬੀਜੇਪੀ ਦੀ ਕੇਂਦਰੀ ਟੀਮ ਨੇ ਬਿਮਾਰ ਚੱਲ ਰਹੇ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਵਿੱਚ ਉਨ੍ਹਾਂ ਦਾ ਵਿਕਲਪ ਤਲਾਸ਼ਣ ਲਈ ਗੋਆ ਦੇ ਵਿਧਾਇਕਾਂ ਨਾਲ ਮੁਲਾਕਾਤ ਵੀ ਕੀਤੀ, ਪਰ ਕੋਈ ਸਿੱਟਾ ਨਹੀਂ ਨਿਕਲਿਆ।