ਨਵੀਂ ਦਿੱਲੀ: ਕਾਂਗਰਸ ਦੇ ਬਜ਼ੁਰਗ ਲੀਡਰ ਨਟਵਰ ਸਿੰਘ ਨੇ ਕਿਹਾ ਹੈ ਕਿ ਇੰਦਰਾ ਗਾਂਧੀ ਨੇ ਦੋ ਗੰਭੀਰ ਗਲਤੀਆਂ ਕੀਤੀਆਂ ਸੀ। ਪਹਿਲੀ 1975 'ਚ ਐਮਰਜੈਂਸੀ ਦਾ ਐਲਾਨਨਾਮਾ ਤੇ ਦੂਜਾ ਆਪ੍ਰੇਸ਼ਨ ਬਲੂਸਟਾਰ ਦੀ ਆਗਿਆ ਦੇਣਾ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਮਹਾਨ ਤੇ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਤੋਂ ਇਲਾਵਾ ਪ੍ਰਭਾਵਸ਼ਾਲੀ ਮਨੁੱਖਤਾ ਦੀ ਮਿਸਾਲ ਸੀ।
ਨਟਵਰ ਸਿੰਘ ਨੇ ਇੰਦਰਾ ਗਾਂਧੀ ਦੇ ਦਫਤਰ 'ਚ 1966 ਤੋਂ 1971 ਤੱਕ ਸਿਵਲ ਸਰਵਿਸ ਅਫਸਰ ਵਜੋਂ ਸੇਵਾਵਾਂ ਨਿਭਾਈਆਂ ਸਨ। ਇਸ ਤੋਂ ਬਾਅਦ 1980 'ਚ ਉਹ ਰਾਜੀਵ ਗਾਂਧੀ ਦੀ ਕੈਬਨਿਟ 'ਚ ਮੰਤਰੀ ਬਣੇ ਸਨ।
ਸਾਬਕਾ ਪ੍ਰਧਾਨ ਮੰਤਰੀ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਸੁੰਦਰ, ਪ੍ਰਭਾਵੀ, ਦਿਲਕਸ਼ ਤੇ ਬਹੁਪੱਖੀ ਸ਼ਖਸੀਅਤ ਦੀ ਮਾਲਕ ਸੀ। ਨਟਵਰ ਸਿੰਘ ਨੇ ਇਹ ਸਭ ਆਪਣੀ ਕਿਤਾਬ 'ਟਰੀਅਰਡ ਐਪਿਸਟਲਸ' 'ਚ ਲਿਖਿਆ ਹੈ। ਇਸ 'ਚ ਖਤਾਂ ਨੂੰ ਇਕੱਠੇ ਕਰਕੇ ਕਿਤਾਬ ਦਾ ਰੂਪ ਦਿੱਤਾ ਗਿਆ ਹੈ। ਇਹ ਖਤ ਉਨ੍ਹਾਂ ਦੇ ਦੋਸਤਾਂ, ਸਹਿ-ਕਰਮੀਆਂ ਵੱਲੋਂ ਉਨ੍ਹਾਂ ਨੂੰ ਲਿਖੇ ਗਏ ਹਨ।
ਇੰਦਰਾ ਗਾਂਧੀ ਵੱਲੋਂ ਨਟਵਰ ਸਿੰਘ ਨੂੰ ਭੇਜੇ ਜ਼ਿਆਦਾਤਰ ਖਤਾਂ 'ਚ ਉਨ੍ਹਾਂ ਦੇ ਸਿਆਸਤ 'ਚ ਆਉਣ, ਕਿਤਾਬਾਂ ਦੀ ਗੱਲ ਤੋਂ ਲੈ ਕੇ ਜਨਮ ਦਿਨ ਮੁਬਾਰਕ ਤੇ ਜਲਦੀ ਸਿਹਤਯਾਬ ਹੋਣ ਦੇ ਸੰਦੇਸ਼ ਸ਼ਾਮਲ ਹਨ।