ਨਵੀਂ ਦਿੱਲੀ: ਮੋਦੀ ਸਰਕਾਰ ਦੇ ਮੰਤਰੀ ਗਿਰੀਰਾਜ ਸਿੰਘ ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾ 'ਚ ਰਹਿੰਦੇ ਹਨ। ਇਕ ਵਾਰ ਫਿਰ ਅਜੀਬ ਬਿਆਨ ਦਿੰਦਿਆਂ ਉਨ੍ਹਾਂ ਟਵੀਟ ਕੀਤਾ ਹੈ ਕਿ 2047 'ਚ ਇਕ ਵਾਰ ਫਿਰ ਭਾਰਤ ਦਾ ਬਟਵਾਰਾ ਹੋ ਸਕਦਾ ਹੈ।
ਗਿਰੀਰਾਜ ਸਿੰਘ ਨੇ ਕਿਹਾ ਕਿ 1947 'ਚ ਧਰਮ ਦੇ ਆਧਾਰ 'ਤੇ ਦੇਸ਼ ਦਾ ਬਟਵਾਰਾ ਹੋਇਆ। ਉਸੇ ਤਰ੍ਹਾਂ ਦੀ ਸਥਿਤੀ 2047 'ਚ ਹੋਵੇਗੀ। 72 ਸਾਲ 'ਚ ਆਬਾਦੀ 33 ਕਰੋੜ ਤੋਂ ਵੱਧ ਕੇ 135.7 ਕਰੋੜ ਹੋ ਗਈ ਹੈ। ਅਜੇ 35A ਦੀ ਬਹਿਸ 'ਤੇ ਹੰਗਾਮਾ ਹੋ ਰਿਹਾ ਹੈ। ਆਉਣ ਵਾਲੇ ਸਮੇਂ 'ਚ ਤਾਂ ਇੱਕ ਭਾਰਤ ਦਾ ਜ਼ਿਕਰ ਕਰਨਾ ਅਸੰਭਵ ਹੋਵੇਗਾ।
ਗਿਰੀਰਾਜ ਦੇਸ਼ ਦੀ ਆਜ਼ਾਦੀ ਦੇ 100 ਸਾਲ ਬਾਅਦ ਯਾਨੀ 2047 'ਚ ਦੇਸ਼ ਦੇ ਬਟਵਾਰੇ ਦੀ ਗੱਲ ਕਰ ਰਹੇ ਹਨ। ਇਸ ਲਈ ਉਹ ਧਰਮ ਵਿਸ਼ੇਸ਼ ਨੂੰ ਟਾਰਗੇਟ ਕਰਨਾ ਚਾਹ ਰਹੇ ਹਨ। ਇਸ ਤੋਂ ਪਹਿਲਾਂ ਗਿਰੀਰਾਜ ਸਿੰਘ ਕਈ ਵਾਰ ਗਊ, ਮੌਬ ਲਿਚਿੰਗ, ਹਿੰਦੂ ਧਰਮ ਤੇ ਗੰਗਾ 'ਤੇ ਵਿਵਾਦਤ ਬਿਆਨ ਦਿੰਦੇ ਆਏ ਹਨ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਐਨਆਰਸੀ ਵਿਵਾਦ 'ਚ ਸ਼ਾਮਲ ਹੁੰਦਿਆਂ ਕਿਹਾ ਸੀ ਕਿ ਐਨਆਰਸੀ 'ਚ ਜਿਨ੍ਹਾਂ ਲੋਕਾਂ ਦਾ ਨਾਂ ਸ਼ਾਮਲ ਨਹੀਂ, ਉਹ ਘੁਸਪੈਠੀਏ ਹਨ। ਉਨ੍ਹਾਂ ਕਿਹਾ ਸੀ ਕਿ ਉਹ ਲੋਕ ਜਿੱਥੇ ਮਰਜ਼ੀ ਜਾਣ ਅਸੀਂ ਉਨ੍ਹਾਂ ਦਾ ਠੇਕਾ ਨਹੀਂ ਲਿਆ। ਇਸ ਤੋਂ ਇਲਾਵਾ ਕੈਲਾਸ਼ ਮਾਨਸਰੋਵਰ ਯਾਤਰਾ ਤੋਂ ਆਈਆਂ ਰਾਹੁਲ ਗਾਂਧੀ ਦੀਆਂ ਤਸਵੀਰਾਂ ਨੂੰ ਵੀ ਗਿਰੀਰਾਜ ਸਿੰਘ ਨੇ ਫਰਜ਼ੀ ਦੱਸਿਆ ਸੀ। ਹਾਲਾਂਕਿ ਉਹ ਸਹੀ ਸਾਬਤ ਹੋਈਆਂ ਸਨ।