ਚੰਡੀਗੜ੍ਹ: ਰੇਵਾੜੀ ਗੈਂਗਰੇਪ ਮਾਮਲੇ ਦੀ ਜਾਂਚ ਲਈ ਬਣਾਈ ਗਈ ਅੱਠ ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੇ ਮੁੱਖ ਮੁਲਜ਼ਮ ਨਿਸ਼ੂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਘਟਨਾ ਤੋਂ ਤਿੰਨ ਦਿਨ ਬਾਅਦ ਵੀ ਮਾਮਲੇ ਦਾ ਮੁਲਜ਼ਮ ਫ਼ੌਜ ਦਾ ਜਵਾਨ ਪੰਕਜ ਅਤੇ ਉਸ ਦਾ ਸਾਥੀ ਮਨੀਸ਼ ਹਾਲੇ ਫਰਾਰ ਹਨ।

ਮਾਮਲੇ ਵਿੱਚ ਪੁਲਿਸ ਦੀ ਢਿੱਲ ਮੱਠ ਕਾਰਨ ਮੀਡੀਆ ਤੇ ਪੀੜਤ ਪਰਿਵਾਰ ਵੱਲੋਂ ਵਾਰ-ਵਾਰ ਸਵਾਲ ਚੁੱਕੇ ਜਾਣ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਪੁਲਿਸ ਮੁਖੀ ਬੀਐਸ ਸੰਧੂ ਨੂੰ ਤਲਬ ਕੀਤਾ ਅਤੇ ਮੁੱਖ ਮੰਤਰੀ ਨੇ ਡੀਜੀਪੀ ਨੂੰ ਛੇਤੀ ਤੋਂ ਛੇਤੀ ਤਿੰਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਸੀ।

ਮਾਮਲੇ ਵਿੱਚ ਤੇਜ਼ੀ ਵਰਤਣ ਦਾ ਦਬਾਅ ਪੈਣ ’ਤੇ ਪੁਲੀਸ ਨੇ ਡਾਕਟਰ ਸੰਜੀਵ ਤੇ ਟਿਊਬਵੈੱਲ ਮਾਲਕ ਦੀਨਦਿਆਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਘਟਨਾ ਦੀਨਦਿਆਲ ਦੇ ਟਿਊਬਵੈੱਲ ਨੇੜੇ ਸਥਿਤ ਕਮਰੇ ਵਿੱਚ ਵਾਪਰੀ ਸੀ ਅਤੇ ਡਾਕਟਰ ਨੇ ਪੀੜਤਾ ਦੀ ਸਿਹਤ ਦਾ ਮੁਆਇਨਾ ਕੀਤਾ ਸੀ। ਦੂਜੇ ਪਾਸੇ ਰੇਵਾੜੀ ਦੇ ਐਸਪੀ ਰਾਜੇਸ਼ ਦੁੱਗਲ ਜਿਸ ’ਤੇ ਮੁਲਜ਼ਮਾਂ ਖਿਲਾਫ਼ ਤੁਰਤ ਐਕਸ਼ਨ ਨਾ ਲੈਣ ਦਾ ਦੋਸ਼ ਹੈ ਨੂੰ ਹਟਾ ਦਿੱਤਾ ਗਿਆ ਹੈ। ਉਸ ਦੀ ਥਾਂ ਮੁੱਖ ਮੰਤਰੀ ਸੁਰੱਖਿਆ ਦੇ ਐਸਪੀ ਰਾਹੁਲ ਨੂੰ ਲਾਇਆ ਗਿਆ ਹੈ।

ਪੀੜਤਾ ਦੀ ਮਾਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮੁਆਵਜ਼ੇ ਵਜੋਂ ਦਿੱਤੇ 2 ਲੱਖ ਰੁਪਏ ਦਾ ਚੈੱਕ ਮੋੜਨ ਦਾ ਫੈਸਲਾ ਕੀਤਾ ਹੈ। ਪੁਲੀਸ ਨੇ ਪੀੜਤ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਹਰਿਆਣਾ ਪੁਲੀਸ ਨੇ ਘਟਨਾ ਦੀ ਜਾਂਚ ਲਈ ਮੇਵਾਤ ਦੀ ਐਸਪੀ ਨਾਜ਼ਨੀਨ ਭਸੀਨ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ।