ਚੰਡੀਗੜ੍ਹ: ਬੀਤੇ 6 ਮਹਨਿਆਂ ਤੋਂ ਪੈਟਰੋਲ ਤੇ ਡੀਜ਼ਲ ਦੇ ਭਾਅ ਜਿਸ ਤਰ੍ਹਾਂ ਵਧ ਰਹੇ ਹਨ, ਉਸ ਤੋਂ ਲੱਗ ਰਿਹਾ ਹੈ ਕਿ ਭਾਅ ਵਧਣ ਦੀ ਖ਼ਬਰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਪਿਛਲੇ 6 ਮਹੀਨਿਆਂ ਦੌਰਾਨ ਪੈਟਰੋਲ ਦੀ ਕੀਮਤ ’ਚ 10 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 11 ਰੁਪਏ ਦਾ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ ਅੱਜ ਵੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ। ਪੈਟਰੋਲ ਦੀ ਕੀਮਤ ਅੱਜ 15 ਪੈਸੇ ਤੇ ਡੀਜ਼ਲ ਦੀ ਕੀਮਤ 6 ਪੈਸੇ ਪ੍ਰਤੀ ਲੀਟਰ ਵਧੀ ਹੈ। ਦਿੱਲੀ ਵਿੱਚ ਪੈਟਰੋਲ 82.15 ਰੁਪਏ ਤੇ ਡੀਜ਼ਲ ਦੀ ਕੀਮਤ 73.87 ਰੁਪਏ ਪ੍ਰਤੀ ਲੀਟਰ ਦੇ ਭਾਅ ਵਿਕ ਰਿਹਾ ਹੈ।

ਉੱਧਰ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਸਬੰਧੀ ਸਰਕਾਰ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਰਾਹਤ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਸਰਕਾਰ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਸਰਕਾਰ ਦੇ ਕੰਟਰੋਲ ਤੋਂ ਬਾਹਰ ਹਨ।

ਪੈਟਰੋਲ ਨਾਲੋਂ ਡੀਜ਼ਲ ਦੇ ਭਾਅ ਜ਼ਿਆਦਾ ਵਧੇ ਹਨ। ਬੀਤੇ 6 ਮਹੀਨਿਆਂ ਵਿੱਚ ਡੀਜ਼ਲ ਦੀ ਕੀਮਤ 11.09 ਰੁਪਏ ਵਧੀ ਯਾਨੀ ਹਰ ਮਹੀਨੇ ਡੀਜ਼ਲ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ। 6 ਮਹੀਨੇ ਪਹਿਲਾਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ 62.78 ਰੁਪਏ ਪ੍ਰਤੀ ਲੀਟਰ ਸੀ। ਬੀਤੇ ਤਿੰਨ ਮਹੀਨਿਆਂ ਦੀ ਗੱਲ ਕੀਤੀ ਜਾਏ ਤਾਂ ਸਭਤੋਂ ਵੱਧ ਮਾਰ ਇਸੇ ਸਮੇਂ ਦੌਰਾਨ ਪਈ ਜਦੋਂ ਪੈਟਰੋਲ 6 ਰੁਪਏ ਤੋਂ ਵੱਧ ਮਹਿੰਗਾ ਹੋਇਆ। ਬੀਤੇ ਇੱਕ ਮਹੀਨੇ ਤੋਂ ਤਾਂ ਡੀਜ਼ਲ ਨੂੰ ਜਿਵੇਂ ਅੱਗ ਹੀ ਲੱਗ ਗਈ। ਪਿਛਲੇ ਇੱਕ ਮਹੀਨੇ ਦੌਰਾਨ ਡੀਜ਼ਲ 4.78 ਰੁਪਏ ਮਹਿੰਗਾ ਹੋਇਆ ਹੈ। 20 ਅਗਸਤ 2018 ਨੂੰ ਡੀਜ਼ਲ 69.09 ਰੁਪਏ ਵਿਕ ਰਿਹਾ ਸੀ।

ਪੈਟਰੋਲ ਦੀ ਗੱਲ ਕਰੀਏ ਤਾਂ ਪਿਛਲੇ 6 ਮਹੀਨਿਆਂ ਦੌਰਾਨ ਪੈਟਰੋਲ ਦੇ ਭਾਅ ਵਿੱਚ 9.90 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ। 19 ਮਾਰਚ 2018 ਨੂੰ ਦਿੱਲੀ ’ਚ ਪੈਟਰੋਲ ਦੀ ਕੀਮਤ 72.25 ਰੁਪਏ ਪ੍ਰਤੀ ਲੀਟਰ ਸੀ। ਬੀਤੇ ਮਹੀਨੇ ਵਿੱਚ ਪੈਟਰੋਲ 4.61 ਰੁਪਏ ਮਹਿੰਗਾ ਹੋ ਗਿਆ।