ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਸੋਮਵਾਰ ਨੂੰ ਸਾਂਝੇ ਤੌਰ ’ਤੇ ਦੇਸ ਦੇ ਸਭ ਤੋਂ ਵੱਡੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਬਕ 29 ਸਾਲ ਦੇ ਕੋਹਲੀ ਦੇ ਨਾਂ ਦੀ 2016 ਵਿੱਚ ਵੀ ਸਿਫਾਰਸ਼ ਕੀਤੀ ਗਈ ਸੀ ਪਰ ਉਸ ਸਮੇਂ ਚੋਣ ਕਮੇਟੀ ਵਿੱਚ ਉਸ ਦੇ ਨਾਂ 'ਤੇ ਸਹਿਮਤੀ ਨਹੀਂ ਬਣੀ ਸੀ। ਇਸ ਸਾਲ ਵੀ ਬੋਰਡ ਨੇ ਕੋਹਲੀ ਦਾ ਨਾਂ ਖੇਡ ਮੰਤਰਾਲੇ ਨੂੰ ਭੇਜਿਆ ਹੈ। ਕੋਹਲੀ ਫਿਲਹਾਲ ਆਈਸੀਸੀ ਟੈਸਟ ਰੈਂਕਿੰਗ ਵਿੱਚ ਮੋਹਰੀ ਬੱਲੇਬਾਜ਼ ਹੈ ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ।

ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਜੇ ਉਸ ਦੇ ਨਾਂ ਦੀ ਮਨਜ਼ੂਰੀ ਦੇ ਦੇਣ ਤਾਂ ਉਹ ਇਸ ਖਿਤਾਬ ਨੂੰ ਹਾਸਲ ਕਰਨ ਵਾਲਾ ਦੇਸ਼ ਦਾ ਤੀਜਾ ਕ੍ਰਿਕਟਰ ਬਣ ਜਾਏਗਾ। ਇਸ ਤੋਂ ਪਹਿਲਾਂ ਇਹ ਖਿਤਾਬ ਬੱਲੇਬਾਜ਼ ਸਚਿਨ ਤੇਂਦੁਲਕਰ (1997) ਤੇ ਦੋ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ (2007) ਨੂੰ ਮਿਲਿਆ ਹੈ।

ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ 48 ਕਿੱਲੋ ਵਰਗ ਵਿੱਚ ਸੋਨ ਤਗਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਨੂੰ ਵੀ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਉਸ ਨੇ ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗਮਾ ਹਾਸਲ ਕੀਤਾ ਸੀ ਪਰ ਸੱਟ ਲੱਗਣ ਕਾਰਨ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਸੂਤਰਾਂ ਨੇ ਦੱਸਿਆ ਕਿ ਕੋਹਲੀ ਤੇ ਮੀਰਾਬਾਈ ਦੇ ਇਲਾਵਾ ਇਸ ਪੁਰਸਕਾਰ ਲਈ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦੇ ਨਾਂ ’ਤੇ ਵੀ ਚਰਚਾ ਕੀਤੀ ਗਈ ਸੀ।