ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਢੀਂਡਸਾ ਦਾ ਗੁੱਸਾ ਠੰਢਾ ਪੈ ਗਿਆ ਜਾਪਦਾ ਹੈ। ਢੀਂਡਸਾ ਨੇ ਲੰਮੇ ਵਕਫ਼ੇ ਮਗਰੋਂ ਆਖ਼ਰ ਐਨਡੀਏ ਦੇ ਹੱਕ ਵਿੱਚ ਬੋਲਦਿਆਂ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਹੈ। ਹਾਲਾਂਕਿ, ਢੀਂਡਸਾ ਨੇ ਸਾਫ਼ ਸ਼ਬਦਾਂ ਵਿੱਚ ਅਕਾਲੀ ਦਲ ਦੀ ਹਮਾਇਤ ਤਾਂ ਨਹੀਂ ਮੰਗੀ ਪਰ ਉਨ੍ਹਾਂ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਤੇ ਭਾਈਵਾਲਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।


ਦਿੱਲੀ ਵਿੱਚ ਅਕਾਲੀ ਦਲ ਦੇ ਨੇਤਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਹੁਰਾਂ ਨਾਲ ਪ੍ਰੈਸ ਕਾਨਫ਼ਰੰਸ ਕਰ ਪਦਮ ਭੂਸ਼ਣ ਸੁਖਦੇਵ ਢੀਂਡਸਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੱਖ ਪੂਰਿਆ। ਸਾਂਝੀ ਪ੍ਰੈਸ ਕਾਨਫ਼ਰੰਸ ਵਿੱਚ ਅਕਾਲੀ ਆਗੂਆਂ ਨੇ 1984 ਸਿੱਖ ਕਤਲੇਆਮ ਦੇ ਮਾਮਲੇ 'ਤੇ ਮੋਦੀ ਸਰਕਾਰ ਦੀ ਜੰਮ ਕੇ ਸ਼ਲਾਘਾ ਕੀਤੀ।

ਇਸ ਤੋਂ ਇਲਾਵਾ ਅਕਾਲੀ ਆਗੂਆਂ ਮੁਤਾਬਕ ਮੋਦੀ ਸਰਕਾਰ ਨੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਗਲਿਆਰਾ ਖੋਲ੍ਹਣ ਵੱਲ ਕਦਮ ਵਧਾਏ ਜੋ ਪਿਛਲੇ 70 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਇਸ ਤੋਂ ਇਲਾਵਾ ਲੰਗਰ 'ਤੇ ਜੀਐਸਟੀ ਮੁਆਫ਼ ਕਰਨ ਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ 'ਤੇ ਅਕਾਲੀ ਆਗੂਆਂ ਨੇ ਮੋਦੀ ਸਰਕਾਰ ਦੇ ਸੋਹਲੇ ਗਾਏ। ਢੀਂਡਸਾ ਨੇ ਕਿਹਾ ਕਿ ਸਿਰਫ ਮੋਦੀ ਹੀ ਹਨ ਜੋ ਭਾਰਤ ਨੂੰ ਬਚਾ ਸਕਦੇ ਹਨ।


ਸੁਖਦੇਵ ਸਿੰਘ ਢੀਂਡਸਾ ਨੇ ਸਤੰਬਰ 2018 ਦੌਰਾਨ ਅਕਾਲੀ ਦਲ ਦੀਆਂ ਸਾਰੀਆਂ ਅਹੁਦੇਦਾਰੀਆਂ ਛੱਡ ਦਿੱਤੀਆਂ ਸਨ। ਉਨ੍ਹਾਂ ਪਾਰਟੀ ਵੱਲੋਂ ਕੀਤੀਆਂ ਗ਼ਲਤੀਆਂ ਹਵਾਲਾ ਵੀ ਦਿੰਦਿਆਂ ਕਿਹਾ ਸੀ ਕਿ ਉਹ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀਅ ਲੋਕ ਸਭਾ ਚੋਣਾਂ ਨਹੀਂ ਲੜੇਗਾ। ਹਾਲਾਂਕਿ, ਪਿਤਾ ਦੀ ਘੂਰ ਦੇ ਬਾਵਜੂਦ ਪੁੱਤ ਪਰਮਿੰਦਰ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਲੋਕ ਸਭਾ ਦੇ ਪਿੜ ਵਿੱਚ ਹਨ। ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਮੋਦੀ ਦਾ ਪੱਖ ਪੂਰਨ ਲਈ ਸਾਹਮਣੇ ਆਏ ਹਨ, ਪਰ ਵੱਡਾ ਸਵਾਲ ਇਹ ਹੈ ਕਿ ਕੀ ਉਹ ਹੁਣ ਉਹ ਪੁੱਤ ਜਾਂ ਅਕਾਲੀ ਦਲ ਲਈ ਪੰਜਾਬ ਵਿੱਚ ਪ੍ਰਚਾਰ ਕਰਨਗੇ?