ਮੁੰਬਈ: ਮਾਰਕ ਟਵੇਨ ਨੇ ਇੱਕ ਵਾਰ ਆਖਿਆ ਸੀ ਕਿ ਮੇਰੀ ਮੌਤ ਦੀਆਂ ਖ਼ਬਰਾਂ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਅਜਿਹਾ ਕੁਝ ਆਖਣ ਦੀ ਵਾਰੀ ਲੋਕ ਸਭਾ ਦੇ ਸਾਬਕਾ ਸਪੀਕਰ ਸੁਮਿੱਤਰਾ ਮਹਾਜਨ (78) ਦੀ ਸੀ। ਉਨ੍ਹਾਂ ਨੂੰ ਐਲਾਨ ਕਰਨਾ ਪਿਆ ਕਿ ਉਹ ਬਿਲਕੁਲ ਸਹੀ-ਸਲਾਮਤ ਤੇ ਜਿਊਂਦੇ ਹਨ।


ਦੱਸ ਦੇਈਏ ਕਿ ਕਾਂਗਰਸੀ ਆਗੂ ਸ਼ਸ਼ੀ ਥਰੂਰ ਤੇ ਕੁਝ ਟੀਵੀ ਚੈਨਲਾਂ ਨੇ ਵੀਰਵਾਰ ਦੀ ਰਾਤ ਨੂੰ ‘ਸੁਮਿੱਤਰਾ ਮਹਾਜਨ ਦੀ ਮੌਤ’ ਦੀ ਖ਼ਬਰ ਪ੍ਰਸਾਰਿਤ ਕਰ ਦਿੱਤੀ ਸੀ। ਬਾਅਦ ’ਚ ਜਦੋਂ ਭਾਜਪਾ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਸੁਮਿੱਤਰਾ ਮਹਾਜਨ ਤਾਂ ਬਿਲਕੁਲ ਠੀਕ-ਠਾਕ ਹਨ, ਤਦ ਸ਼ਸ਼ੀ ਥਰੁਰ ਤੇ ਹੋਰਨਾਂ ਨੇ ਆਪਣੇ ਟਵੀਟ ਡਿਲੀਟ ਵੀ ਕਰ ਦਿੱਤੇ ਸਨ।


ਮਿੱਤਰਾ ਮਹਾਜਨ ਨੇ ਹੁਣ ਇਸ ਸਭ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਹੈ, ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ। ਇਨ੍ਹਾਂ ਲੋਕਾਂ ਨੇ ਪੁਸ਼ਟੀ ਕੀਤੇ ਬਿਨਾ ਹੀ ਅਜਿਹੀ ਖ਼ਬਰ ਚਲਾ ਦਿੱਤੀ ਹੈ। ਉਨ੍ਹਾਂ ਨੂੰ ਇੰਦੌਰ (ਮੱਧ ਪ੍ਰਦੇਸ਼) ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਦੀ ਪੁਸ਼ਟੀ ਤਾਂ ਕਰ ਲੈਣੀ ਚਾਹੀਦੀ ਸੀ। ਸੁਮਿੱਤਰਾ ਮਹਾਜਨ ਨੇ ਇਹ ਗੱਲ ਆਪਣੀ ਇੱਕ ਆਡੀਓ ਕਲਿੱਪ ਰਾਹੀਂ ਬਿਆਨ ਕੀਤੀ ਹੈ।


ਸੁਮਿੱਤਰਾ ਮਹਾਜਨ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਹੈਰਾਨੀ ਵੀ ਪ੍ਰਗਟਾਈ ਕਿ ਆਖ਼ਰ ਮੁੰਬਈ ਦੇ ਕੁਝ ਨਿਊਜ਼ ਚੈਨਲਾਂ ਨੇ ਹੀ ‘ਮੇਰੀ ਮੌਤ ਦੀ ਖ਼ਬਰ ਕਿਉਂ ਨਸ਼ਰ ਕੀਤੀ?’


ਪੀਟੀਆਈ ਦੀ ਰਿਪੋਰਟ ਅਨੁਸਾਰ ਸ਼ਸ਼ੀ ਥਰੂਰ ਨੇ ਆਪਣਾ ਪਹਿਲਾ ਟਵੀਟ ਡਿਲੀਟ ਕਰਦਿਆਂ ਨਵਾਂ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ ਇਹ ਪਤਾ ਲੱਗਣ ’ਤੇ ਰਾਹਤ ਮਿਲੀ ਹੈ ਕਿ ਸੁਮਿੱਤਰ ਮਹਾਜਨ ਬਿਲਕੁਲ ਸਹੀ-ਸਲਾਮਤ ਹਨ। ਮੈਂ ਕਿਸੇ ‘ਭਰੋਸੇਯੋਗ ਸੂਤਰ’ ਤੋਂ ਹੀ ਇਹ ਖ਼ਬਰ ਸੁਣੀ ਸੀ।


ਸੁਮਿੱਤਰਾ ਮਹਾਜਨ ਦੇ ਪੁੱਤਰ ਮਨਦਾਰ ਨੇ ਇੱਕ ਵੀਡੀਓ ਕਲਿੱਪ ਰਾਹੀਂ ਵੀਰਵਾਰ ਰਾਤੀਂ ਆਖਿਆ ਕਿ ਉਨ੍ਹਾਂ ਦੀ ਮਾਂ ਬਿਲਕੁਲ ਸਹੀ-ਸਲਾਮਤ ਹਨ ਤੇ ਲੋਕਾਂ ਨੂੰ ਝੂਠੀਆਂ ਖ਼ਬਰਾਂ ਉੱਤੇ ਯਕੀਨ ਨਾ ਕਰਨ ਦੀ ਸਲਾਹ ਵੀ ਦਿੱਤੀ। ਸੁਮਿੱਤਰਾ ਮਹਾਜਨ 2014 ਤੋਂ ਲੈ ਕੇ 2019 ਤੱਕ ਲੋਕ ਸਭਾ ਦੇ ਸਪੀਕਰ ਰਹੇ ਸਨ। ਉਹ ਅੱਠ ਵਾਰ ਇੰਦੌਰ ਲੋਕ ਸਭਾ ਹਲਕੇ ਤੋਂ ਜੇਤੂ ਰਹਿ ਚੁੱਕੇ ਹਨ।


ਇਹ ਵੀ ਪੜ੍ਹੋ: ਮਾਂ ਲਈ ਆਕਸੀਜਨ ਮੰਗਣ ਵਾਲੇ ਨੂੰ ਕੇਂਦਰੀ ਮੰਤਰੀ ਨੇ ਦਿੱਤੀ ਥੱਪੜ ਮਾਰਨ ਦੀ ਧਮਕੀ, ਵੀਡੀਓ ਵਾਇਰਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904