ਨਵੀਂ ਦਿੱਲੀ: ਕਿਸਾਨ ਟੈਰਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੇ ਖਾਲਸਾਈ ਝੰਡਾ ਲਹਿਰਾਉਣ ਮਗਰੋਂ ਪੰਜਾਬੀ ਫਿਲਮਾਂ ਦਾ ਹੀਰੋ ਦੀਪ ਸਿੱਧੂ ਚਰਚਾ ਵਿੱਚ ਹੈ। ਉਹ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਦੇ ਸਮਰਥਨ ਵਿੱਚ ਹੈ ਪਰ ਕੱਲ੍ਹ ਦੀ ਘਟਨਾ ਤੋਂ ਬਾਅਦ ਉਹ ਵਿਵਾਦ ਵਿੱਚ ਘਿਰ ਗਿਆ ਹੈ। ਦਰਅਸਲ, ਦੀਪ ਸਿੱਧੂ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਲੈ ਜਾਣ ਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਹਨ। ਦੀਪ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਬੀਜੇਪੀ ਸਾਂਸਦ ਸੰਨੀ ਦਿਓਲ ਦੇ ਨਾਲ ਸੀ। ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਵਾਇਰਲ  ਹੋ ਰਹੀਆਂ ਹਨ।

ਕੱਲ੍ਹ ਦੀ ਹਿੰਸਾ ਮਗਰੋਂ ਸੰਨੀ ਦਿਓਲ ਨੇ ਦੀਪ ਸਿੱਧੂ ਤੋਂ ਕਿਨਾਰਾ ਕਰ ਲਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਦੀਪ ਸਿੱਧੂ ਦੀ ਰਾਜਨੀਤੀ ਵਿੱਚ ਐਂਟਰੀ ਹੋਈ। ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਚੋਣ ਲੜਦਿਆਂ ਦੀਪ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਸੰਨੀ ਦਿਓਲ ਤੇ ਦੀਪ ਸਿੱਧੂ ਦੀ ਇੱਕ ਤਸਵੀਰ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। ਹਾਲਾਂਕਿ, ਸੰਨੀ ਦਿਓਲ ਵਿਵਾਦਾਂ ਵਿੱਚ ਆਏ ਦੀਪ ਸਿੱਧੂ ਤੋਂ ਆਪਣੇ ਆਪ ਨੂੰ ਦੂਰ ਕਰ ਚੁੱਕੇ ਹਨ।







ਸੰਨੀ ਦਿਓਲ ਨੇ ਟਵੀਟ ਕਰਕੇ ਕਿਹਾ, "ਅੱਜ ਲਾਲ ਕਿਲ੍ਹੇ 'ਤੇ ਜੋ ਹੋਇਆ ਵੇਖ ਕੇ ਬਹੁਤ ਦੁਖੀ ਹਾਂ, ਮੈਂ 6 ਦਸੰਬਰ ਨੂੰ ਟਵਿੱਟਰ' ਤੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਮੇਰਾ ਜਾਂ ਮੇਰੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਸਬੰਧ ਨਹੀਂ ਹੈ। ਜੈ ਹਿੰਦ!"






ਦੱਸ ਦੇਈਏ ਕਿ ਦੀਪ ਸਿੱਧੂ ਦਾ ਜਨਮ 1984 ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਦੀਪ ਸਿੱਧੂ ਨੇ ਬਾਅਦ ਵਿੱਚ ਕਿੰਗਫਿਸ਼ਰ ਮਾਡਲ ਹੰਟ ਐਵਾਰਡ ਜਿੱਤਿਆ। ਦੀਪ ਸਿੱਧੂ ਨੇ ਸਾਲ 2015 ਵਿੱਚ ‘ਰਮਤਾ ਜੋਗੀ’ ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਫਿਲਮ ਚੰਗੀ ਚੱਲੀ, ਪਰ ਦੀਪ ਸਿੱਧੂ ਨੂੰ ਪ੍ਰਸਿੱਧੀ ਫਿਲਮ ਜ਼ੋਰਾ ਦਾਸ ਨੰਬਰਿਆ ਤੋਂ ਮਿਲੀ ਜੋ ਸਾਲ 2018 ਵਿੱਚ ਆਈ ਸੀ। ਦੀਪ ਨੇ ਇਸ ਫਿਲਮ ਵਿੱਚ ਗੈਂਗਸਟਰ ਦੀ ਭੂਮਿਕਾ ਨਿਭਾਈ ਸੀ।

ਜਦੋਂ ਦੀਪ ਸਿੱਧੂ ਨੇ ਕਿਸਾਨ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਸ ‘ਤੇ ਭਾਜਪਾ ਤੇ ਆਰਐਸਐਸ ਦਾ ਏਜੰਡਾ ਹੋਣ ਦੇ ਵੀ ਦੋਸ਼ ਲਗੇ। ਸੰਨੀ ਦਿਓਲ ਤੇ ਪੀਐਮ ਮੋਦੀ ਨਾਲ ਉਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ ਪਰ ਉਸ ਨੇ ਹਮੇਸ਼ਾਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ। ਸਿੱਧੂ ਨੇ ਕਈ ਵਾਰ ਕਿਹਾ ਕਿ ਉਹ ਸਿਰਫ ਐਮਐਸਪੀ ਲਈ ਨਹੀਂ ਲੜ ਰਹੇ। ਉਹ ਇਸ ਮੁੱਦੇ ਨੂੰ ਵੱਡੇ ਕੈਨਵਸ 'ਤੇ ਦੇਖ ਰਹੇ ਹਨ।