ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਦੀ ਸੁਰੱਖਿਆ ਲਈ ਜਰਮਨ ਸ਼ੈਫਰਡ ਕੁੱਤਿਆਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਦੇ ਲਈ ਇਨ੍ਹਾਂ ਜਰਮਨ ਸ਼ੈਫਰਡ ਕੁੱਤਿਆਂ ਨੂੰ ਪੰਚਕੂਲਾ ਸਥਿਤ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ (ਆਈ.ਟੀ.ਬੀ.ਪੀ.) ਦੇ ਰਾਸ਼ਟਰੀ ਕੁੱਤਾ ਸਿਖਲਾਈ ਕੇਂਦਰ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ।
ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੇ ਬੇਸਿਕ ਟਰੇਨਿੰਗ ਸੈਂਟਰ ਦੇ ਆਈਜੀ ਆਈਐਸ ਦੁਹਾਨ ਨੇ ਦੱਸਿਆ ਕਿ ਵਿਸ਼ੇਸ਼ ਸਿਖਲਾਈ ਕੋਰਸ ਦੌਰਾਨ ਕੁੱਤਿਆਂ ਨੂੰ ਬਾਘ ਦੀ ਖੱਲ ਅਤੇ ਹੱਡੀਆਂ ਦਾ ਪਤਾ ਲਗਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ WWF-India (ਵਰਲਡ ਵਾਈਡ ਫੰਡ ਫਾਰ ਨੇਚਰ ਇੰਡੀਆ) ਦੇ ਸਹਿਯੋਗ ਨਾਲ ਦਿੱਤੀ ਜਾ ਰਹੀ ਹੈ।
ਦੱਸ ਦੇਈਏ ਕਿ ਚੀਤਿਆਂ ਨੂੰ 10 ਦਿਨ ਪਹਿਲਾਂ ਕੁਨੋ ਨੈਸ਼ਨਲ ਪਾਰਕ ਲਿਆਂਦਾ ਗਿਆ ਸੀ। ਸਾਰੇ ਅੱਠ ਚੀਤਿਆਂ ਨੂੰ ਫਿਲਹਾਲ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਨੂੰ ਹੋਰ ਜਾਨਵਰਾਂ ਅਤੇ ਸ਼ਿਕਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਕੁੱਤਿਆਂ ਨੂੰ ਤਾਇਨਾਤ ਕੀਤਾ ਜਾਵੇਗਾ। ਅਜਿਹੇ ਕਮਾਂਡੋ ਕੁੱਤੇ ਇਸ ਤਰ੍ਹਾਂ ਦੇ ਕੰਮ ਲਈ ਹੁੰਦੇ ਹਨ। ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ।
1948 ਵਿੱਚ ਆਖਰੀ ਵਾਰ ਦੇਖਿਆ ਗਿਆ ਸੀ ਚੀਤਾ
ਭਾਰਤ 'ਚ ਚੀਤੇ ਨੂੰ ਆਖਰੀ ਵਾਰ 1948 ਵਿੱਚ ਦੇਖਿਆ ਗਿਆ ਸੀ। ਉਸੇ ਸਾਲ ਕੋਰੀਆ ਦੇ ਰਾਜਾ ਰਾਮਾਨੁਜ ਸਿੰਘਦੇਵ ਨੇ ਤਿੰਨ ਚੀਤਿਆਂ ਦਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਚੀਤੇ ਨਜ਼ਰ ਨਹੀਂ ਆਏ। 1952 ਵਿੱਚ ਸਰਕਾਰ ਵੱਲੋਂ ਚੀਤਿਆਂ ਨੂੰ ਅਲੋਪ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ 1970 ਵਿੱਚ ਈਰਾਨ ਤੋਂ ਏਸ਼ੀਆਈ ਚੀਤੇ ਲਿਆਉਣ ਦੀ ਕੋਸ਼ਿਸ਼ ਕੀਤੀ।
ਈਰਾਨ ਸਰਕਾਰ ਨਾਲ ਵੀ ਗੱਲਬਾਤ ਹੋਈ ਪਰ ਇਹ ਪਹਿਲ ਸਫਲ ਨਹੀਂ ਹੋ ਸਕੀ ਪਰ ਹੁਣ ਮੋਦੀ ਸਰਕਾਰ ਨਾਮੀਬੀਆ ਤੋਂ ਅੱਠ ਚੀਤੇ ਲੈ ਕੇ ਆਈ ਹੈ। ਕੇਂਦਰ ਸਰਕਾਰ ਦੀ ਪੰਜ ਸਾਲਾਂ ਵਿੱਚ 50 ਚੀਤੇ ਲਿਆਉਣ ਦੀ ਯੋਜਨਾ ਹੈ। ਦੱਸ ਦੇਈਏ ਕਿ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਨੂੰ ਵਸਾਉਣ ਲਈ 25 ਪਿੰਡਾਂ ਦੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।