ਨਵੀਂ ਦਿੱਲੀ: ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੂੰ ਬੁੱਧਵਾਰ ਸੁਪਰੀਮ ਕੋਰਟ ਵਲੋਂ ਅਗਾਉਂ ਜ਼ਮਾਨਤ ਦੇ ਦਿੱਤੀ ਗਈ ਹੈ।ਕੋਰਟ ਨੇ ਉਸਦੀ ਅਗਾਉਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਉਸਨੂੰ ਅਤੇ ਇਸ ਮਾਮਲੇ 'ਚ ਹੋਰ ਮੁਲਜ਼ਮਾਂ ਨੂੰ ਰਿਹਾਈ ਦੇ ਆਦੇਸ਼ ਦੇ ਦਿੱਤੇ ਹਨ। ਸੋਮਵਾਰ ਨੂੰ ਬੰਬੇ ਹਾਈ ਕੋਰਟ ਨੇ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਅਗਾਉਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਅਰਨਬ ਗੋਸਵਾਮੀ ਨੂੰ 2018 'ਚ ਇੰਟੀਰੀਅਰ ਡਿਜ਼ਾਇਨਰ ਅਨਵੇ ਨਾਇਕ ਤੇ ਉਸ ਦੀ ਮਾਂ ਕੁਮੁਦ ਨਾਇਕ ਦੀ ਮੌਤ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਅਨਵੇ ਨਾਇਕ ਨੇ ਖੁਦਕੁਸ਼ੀ ਕੀਤੀ ਸੀ ਜਿਸ ਮਗਰੋਂ ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਸੀ ਜਿਸ 'ਚ ਅਨਵੇ ਨਾਇਕ ਨੇ ਲਿਖਿਆ ਸੀ ਅਰਨਬ ਗੋਸਵਾਮੀ ਸਮੇਤ ਦੋ ਹੋਰਾਂ ਨੇ 5.40 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਸੀ ਜਿਸ ਕਾਰਨ ਉਹ ਵਿੱਤੀ ਪ੍ਰੇਸ਼ਾਨੀ 'ਚੋਂ ਗੁਜ਼ਰ ਰਿਹਾ ਸੀ।

ਸਾਲ 2018 'ਚ ਅਲੀਬਾਗ ਪੁਲਿਸ ਨੇ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਸੀ ਜੋ 2019 'ਚ ਰਾਏਗੜ ਪੁਲਿਸ ਨੇ ਬੰਦ ਕਰ ਦਿੱਤਾ ਸੀ। ਮਈ 2020 'ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਅਨਵੇ ਨਾਇਕ ਦੀ ਧੀ ਅਦਨਿਆ ਨਾਇਕ ਵੱਲੋਂ ਪਹੁੰਚ ਕਰਨ ਤੋਂ ਬਾਅਦ ਇਸ ਮਾਮਲੇ ਦੀ ਨਵੀਂ ਸੀਆਈਡੀ ਜਾਂਚ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਅਲੀਬਾਗ ਪੁਲਿਸ ਨੇ ਅਰਨਬ ਗੋਸਵਾਮੀ ਤੋਂ ਬਕਾਏ ਦੀ ਅਦਾਇਗੀ ਦੀ ਪੜਤਾਲ ਨਹੀਂ ਕੀਤੀ ਸੀ।