Lakhimpur Kheri Violence Case: ਲਖੀਮਪੁਰ ਖੀਰੀ 'ਚ ਤਿੰਨ ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ 'ਤੇ ਅੱਜ ਸੁਪਰੀਮ ਕੋਰਟ ਚ ਸੁਣਵਾਈ ਹੋਵੇਗੀ। ਇਸ ਹਿੰਸਾ 'ਚ 4 ਕਿਸਾਨਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ। ਚੀਫ਼ ਜਸਟਿਸ ਐਨਵੀ ਰਮਨ, ਜਸਟਿਸ ਸੂਰਯਕਾਂਤ ਤੇ ਜਸਟਿਸ ਹਿਮਾ ਕੋਹਲੀ ਦੀ ਇਕ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ। ਇਸ ਬੈਂਚ ਨੇ 8 ਲੋਕਾਂ ਦੀ ਹੱਤਿਆ ਦੇ ਮਾਮਲੇ 'ਚ ਯੂਪੀ ਸਰਕਾਰ ਦੀ ਕਾਰਵਾਈ ਤੇ 8 ਅਕਤੂਬਰ ਨੂੰ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਇਸ ਮਾਮਲੇ 'ਚ ਹੁਣ ਤਕ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਚੀਫ਼ ਜਸਟਿਸ ਆਫ ਇੰਡੀਆ ਨੂੰ ਇਕ ਚਿੱਠੀ ਲਿਖ ਕੇ ਦੋ ਵਕੀਲਾਂ ਨੇ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਤੇ ਇਸ 'ਚ ਸੀਬੀਆਈ ਨੂੰ ਸ਼ਾਮਲ ਕਰਨ ਲਈ ਕਿਹਾ। ਇਸ ਤੋਂ ਬਾਅਦ ਹੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਸੁਣਵਾਈ ਸ਼ੁਰੂ ਕੀਤੀ।


ਜ਼ਿਕਰਯੋਗ ਹੈ ਕਿ ਕਿਸਾਨਾਂ ਦਾ ਇਕ ਸਮੂਹ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦਿ ਮੌਰਿਆ ਦੀ ਯਾਤਰਾ ਖਿਲਾਫ ਤਿੰਨ ਅਕਤੂਬਰ ਨੂੰ ਪ੍ਰਦਰਸ਼ਨ ਕਰ ਰਿਹਾ ਸੀ। ਤਾਂ ਲਖੀਮਪੁਰ ਖੀਰੀ 'ਚ ਇਕ ਗੱਡੀ ਨੇ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ। ਇਸ ਤੋਂ ਇਲਾਵਾ ਇਸ ਘਟਨਾ ਚ ਇਕ ਪੱਤਰਕਾਰ ਤੇ ਤਿੰਨ ਹੋਰ ਲੋਕਾਂ ਦੀ ਮੌਤ ਹੋਈ।


ਲਖੀਮਪੁਰ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਬੁਲਾਉਣ ਵਾਲੇ ਕਿਸਾਨ ਆਗੂ ਤਜਿੰਦਰ ਵਿਰਕ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਹ ਸਾਨੂੰ ਮਾਰਨ ਦੀ ਸਾਜ਼ਿਸ਼ ਸੀ। ਵਿਰਕ ਨੇ ਦੁਰਘਟਨਾ ਦਾ ਅੱਖਾਂ ਦੇਖਿਆ ਹਾਲ ਦੱਸਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੇ ਬਿਆਨ ਦਿੱਤਾ ਸੀ ਕਿ ਉਹ ਕਿਸਾਨਾਂ ਨੂੰ ਯੂਪੀ ਦੇ ਲਖੀਮਪੁਰ ਵਿੱਚ ਰਹਿਣ ਨਹੀਂ ਦੇਣਗੇ। ਅਸੀਂ ਅਜੇ ਮਿਸ਼ਰਾ ਦੇ ਇਸ ਬਿਆਨ ਦਾ ਵਿਰੋਧ ਕਰ ਰਹੇ ਸੀ। ਇਸ ਦੌਰਾਨ ਅਸੀਂ ਲਗਾਤਾਰ ਐਸਪੀ ਅਤੇ ਡੀਐਮ ਦੇ ਸੰਪਰਕ ਵਿੱਚ ਰਹੇ।


ਵਿਰਕ ਨੇ ਦੱਸਿਆ ਕਿ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਉੱਥੇ ਆ ਰਹੇ ਸਨ, ਇਸ ਲਈ ਅਸੀਂ ਕਾਲੇ ਝੰਡੇ ਦਿਖਾਉਣ ਲਈ ਰਸਤੇ ਵਿੱਚ ਖੜ੍ਹੇ ਸੀ। ਫਿਰ ਲਗਭਗ 3 ਵਜੇ ਸਾਨੂੰ ਦੱਸਿਆ ਗਿਆ ਕਿ ਰਸਤਾ ਬਦਲ ਦਿੱਤਾ ਗਿਆ ਹੈ। ਅਸੀਂ ਸ਼ਾਂਤੀ ਨਾਲ ਵਾਪਸ ਜਾਣਾ ਸ਼ੁਰੂ ਕਰ ਦਿੱਤਾ। ਅਚਾਨਕ ਵਾਹਨ ਬਹੁਤ ਤੇਜ਼ ਰਫਤਾਰ ਨਾਲ ਪਿੱਛੇ ਤੋਂ ਆਏ ਅਤੇ ਸਾਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਵਾਪਸ ਜਾ ਰਹੇ ਕਿਸਾਨਾਂ 'ਤੇ ਕਾਰ ਚੜ੍ਹਾਈ ਗਈ ਸੀ ਅਤੇ ਅਜੇ ਮਿਸ਼ਰਾ ਦਾ ਬੇਟਾ ਅਤੇ ਉਸ ਦੇ ਲੋਕ ਉਸ ਗੱਡੀ ਵਿੱਚ ਸਵਾਰ ਸਨ। ਉਸ ਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਸੀ। 


ਨਾਲ ਹੀ, ਉਨ੍ਹਾਂ ਦੱਸਿਆ ਕਿ ਕਾਰ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਸਾਨੂੰ ਜਾਣਬੁੱਝ ਕੇ ਪਿੱਛੇ ਤੋਂ ਮਾਰਿਆ ਗਿਆ। ਸਾਡਾ ਸਾਰਾ ਅੰਦੋਲਨ ਸ਼ਾਂਤੀਪੂਰਵਕ ਚੱਲ ਰਿਹਾ ਸੀ। ਪਹਿਲਾਂ ਸਾਡੇ ਪਾਸੇ ਤੋਂ ਕੋਈ ਡੰਡੇ ਜਾਂ ਪੱਥਰ ਨਹੀਂ ਚਲਾਏ ਗਏ। ਬਾਅਦ ਵਿਚ ਗੁੱਸੇ 'ਚ ਆਈ ਭੀੜ ਨੇ ਉਸ 'ਤੇ ਹਮਲਾ ਕਰ ਦਿੱਤਾ। ਸਾਡੇ ਆਪਣੇ ਲੋਕਾਂ ਨੇ ਕੁਝ ਲੋਕਾਂ ਨੂੰ ਫੜਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਥੇ ਪੁਲਿਸ ਕਰਮਚਾਰੀ ਮੌਜੂਦ ਸਨ। ਮੈਂ ਇਮਾਨਦਾਰੀ ਨਾਲ ਗਵਾਹੀ ਦੇਣ ਲਈ ਤਿਆਰ ਹਾਂ।