ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਦੋਸ਼ੀ ਤੇ ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਸੱਜਣ ਕੁਮਾਰ ਵੱਲੋਂ ਉਸ ਦੀ ਸਜ਼ਾ ਮੁਲਤਵੀ ਕਰਨ ਦੀ ਅਪੀਲ ’ਤੇ ਅਗਲੇ ਸਾਲ ਮਈ ਵਿੱਚ ਸੁਣਵਾਈ ਕਰੇਗਾ।


ਜਸਟਿਸ ਐੱਸ.ਏ.ਬੋਬੜੇ ਅਤੇ ਬੀ.ਆਰ.ਗਵੱਈ ਦੇ ਬੈਂਚ ਨੇ ਕਿਹਾ ਕਿ ਇਹ ਕੋਈ ‘ਸਾਧਾਰਨ ਕੇਸ’ ਨਹੀਂ ਹੈ ਤੇ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਇਸ ਨੂੰ ਸੁਣਨ ਦੀ ਲੋੜ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੁਦਰਤੀ ਮੌਤ ਤਕ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੁਮਾਰ (73) ਨੇ ਦਿੱਲੀ ਹਾਈ ਕੋਰਟ ਵੱਲੋਂ ਉਪਰੋਕਤ ਸਜ਼ਾ ਸੁਣਾਏ ਜਾਣ ਮਗਰੋਂ ਕਾਂਗਰਸ ’ਚੋਂ ਅਸਤੀਫ਼ਾ ਦੇ ਦਿੱਤਾ ਸੀ।

ਹਾਈ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਜਿਸ ਕੇਸ ਵਿੱਚ ਸਜ਼ਾ ਸੁਣਾਈ ਗਈ ਹੈ, ਉਹ ਨਵੰਬਰ 1984 ਵਿੱਚ ਦੱਖਣ-ਪੱਛਮੀ ਦਿੱਲੀ ਵਿੱਚ ਦਿੱਲੀ ਛਾਉਣੀ ਦੇ ਰਾਜ ਨਗਰ ਪਾਰਟ 1 ਖੇਤਰ ਵਿੱਚ ਪੰਜ ਸਿੱਖਾਂ ਦੀ ਹੱਤਿਆ ਤੇ ਇਲਾਕੇ ਵਿੱਚ ਗੁਰਦੁਆਰੇ ਦੀ ਸਾੜ-ਫੂਕ ਨਾਲ ਸਬੰਧਤ ਸੀ।