ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ 'ਤੇ ਸਰਜੀਕਲ ਹਮਲਾ ਕੀਤਾ ਹੈ। ਭਾਰਤੀ ਫੌਜ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ 'ਚ ਹਮਲਾ ਕੀਤਾ ਹੈ। ਰੱਖਿਆ ਮੰਤਰਾਲੇ ਦੇ ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਰਣਵੀਰ ਸਿੰਘ ਨੇ ਕਿਹਾ ਹੈ ਕਿ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਭਾਰਤੀ ਫੌਜ ਨੇ ਇਹ ਕਾਰਵਾਈ ਕੀਤੀ ਹੈ। ਭਾਰਤੀ ਫੌਜ ਪਾਕਿਸਤਾਨੀ ਸਰਹੱਦ ਅੰਦਰ ਦਾਖਲ ਹੋਈ ਤੇ ਉੱਥੇ ਅੱਤਵਾਦੀਆਂ ਤੇ ਪਾਕਿ ਫੌਜ ਦੇ ਜਵਾਨਾਂ ਨੂੰ ਮਾਰ ਕੇ ਵਾਪਸ ਪਰਤ ਆਏ।
ਉਨ੍ਹਾਂ ਮੁਤਾਬਕ ਸਰਹੱਦ ਪਾਰ ਤੋਂ ਕੁਝ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ 'ਚ ਸਨ। ਅਜਿਹੇ 'ਚ ਭਾਰਤੀ ਫੌਜ ਨੇ ਪਹਿਲਾਂ ਹੀ ਸਰਹੱਦ ਪਾਰ ਕਰ ਪਾਕਿਸਤਾਨ 'ਚ ਜਾ ਕੇ ਕੱਲ੍ਹ ਰਾਤ ਅੱਤਵਾਦੀਆਂ ਦੇ ਲਾਂਚਿੰਗ ਪੈਡ 'ਤੇ ਹਮਲਾ ਕਰ ਦਿੱਤਾ। ਸਰਕਾਰ ਨੇ ਭਾਰਤੀ ਫੌਜ ਨੂੰ ਸਰਹੱਦ ਪਾਰ ਕਰ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦੇ ਦਿੱਤੇ ਹਨ। ਕਾਬਲੇਗੌਰ ਹੈ ਕਿ ਸਰਜੀਕਲ ਹਮਲੇ ਵਿੱਚ ਫੌਜ ਆਪਣੇ ਮਿਥੇ ਨਿਸ਼ਾਨੇ 'ਤੇ ਹਮਲਾ ਕਰਕੇ ਕਾਰਵਾਈ ਕਰਦੀ ਹੈ।
ਅੱਜ ਭਾਰਤ-ਪਾਕਿਸਤਾਨ ਵਿਚਕਾਰ ਸੀਜ਼ਫਾਈਰ ਤੋੜਨ ਨੂੰ ਲੈ ਕੇ ਵਿਚਾਰ ਕਰਨ ਲਈ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਤੋਂ ਬਾਅਦ ਜਦ ਡੀ.ਜੀ.ਐਮ.ਓ. ਨੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਕੱਲ੍ਹ ਰਾਤ ਕਰੀਬ 2.30 ਵਜੇ ਲਾਈਨ ਆਫ ਕੰਟਰੋਲ ਪਾਰ ਕਰਕੇ ਪਾਕਿਸਤਾਨ 'ਚ ਅੱਤਵਾਦੀਆਂ ਦੇ ਲਾਂਚਿੰਗ ਪੈਡ 'ਤੇ ਹਮਲਾ ਕੀਤਾ ਹੈ। ਇਹ ਅਪ੍ਰੇਸ਼ਨ ਸਵੇਰੇ 8 ਵਜੇ ਤੱਕ ਚੱਲਿਆ ਹੈ।
ਇਸ ਕਾਰਵਾਈ ਦੌਰਾਨ ਪਾਕਿਸਤਾਨ ਦੇ ਦੋ ਜਵਾਨ ਵੀ ਮਾਰੇ ਗਏ ਹਨ। ਕਾਰਵਾਈ ਦੌਰਾਨ ਕਈ ਅੱਤਵਾਦੀਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ ਹੈ। ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਰਣਵੀਰ ਸਿੰਘ ਮੁਤਾਬਕ ਕੁਝ ਅੱਤਵਾਦੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਨੇ ਮੰਨਿਆ ਹੈ ਉਨ੍ਹਾਂ ਨੂੰ ਪਾਕਿਸਤਾਨ 'ਚ ਖਾਸ ਟ੍ਰੇਨਿੰਗ ਦਿੱਤੀ ਗਈ ਸੀ। ਘੁਸਪੈਠ ਤੋਂ ਲੈ ਕੇ ਹਥਿਆਰ ਚਲਾਉਣ ਤੇ ਭਾਰਤ 'ਚ ਹਮਲਾ ਕਰਨ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਸੀ।