ਚੰਡੀਗੜ੍ਹ: ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੂੰ ਕਰਨ ਜੌਹਰ ਦੇ ਟੀਵੀ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ਦੌਰਾਨ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਕਰਕੇ ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਪਹਿਲੀ ਚੱਲਣ ਵਾਲੀ ਉਡਾਣ ਤੋਂ ਭਾਰਤ ਵਾਪਸ ਭੇਜ ਦਿੱਤਾ ਜਾਏਗਾ।


ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਪਾਂਡਿਆ ਤੇ ਰਾਹੁਲ ਦੀਆਂ ਟਿੱਪਣੀਆਂ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੇ ਕੁਝ ਘੰਟਿਆਂ ਬਾਅਦ ਹੀ ਬੀਸੀਸੀਆਈ ਨੇ ਜਾਂਚ ਹੋਣ ਤਕ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਇਹ ਦੋਵੇਂ ਸ਼ਨੀਵਾਰ ਤੋਂ ਆਸਟ੍ਰੇਲੀਆ ਖ਼ਿਲਾਫ਼ ਇੱਕ ਰੋਜ਼ਾ ਮੈਚ ਵਿੱਚ ਨਹੀਂ ਖੇਡ ਸਕਣਗੇ।

ਦਰਅਸਲ, ਪਾਂਡਿਆ ਨੇ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ਦੌਰਾਨ ਕਈ ਮਹਿਲਾਵਾਂ ਨਾਲ ਸਬੰਧ ਹੋਣ ਬਾਰੇ ਦਾਅਵਾ ਕੀਤਾ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਇਸ ਮਾਮਲੇ ਬਾਰੇ ਉਹ ਆਪਣੇ ਪਰਿਵਾਰ ਨਾਲ ਵੀ ਖੁੱਲ੍ਹ ਕੇ ਗੱਲ ਕਰਦਾ ਹੈ। ਇਸ ਬਿਆਨ ’ਤੇ ਕਾਫੀ ਵਿਵਾਦ ਹੋਇਆ। ਹਾਲਾਂਕਿ ਉਨ੍ਹਾਂ ਇਸ ਬਿਆਨ 'ਤੇ ਮੁਆਫ਼ੀ ਵੀ ਮੰਗ ਲਈ ਸੀ।

ਹੁਣ ਜੇ ਇਨ੍ਹਾਂ ਨੂੰ ਭਾਰਤ ਬੁਲਾਇਆ ਗਿਆ ਤਾਂ ਉਨ੍ਹਾਂ ਦੀ ਥਾਂ ਰਿਸ਼ਭ ਪੰਤ ਤੇ ਮਨੀਸ਼ ਪਾਂਡੇ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਵਾਦ ਤੋਂ ਬਾਅਦ ਬੀਸੀਸੀਆਈ ਖਿਡਾਰੀਆਂ ਨੂੰ ਮਨੋਰੰਜਨ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਜਾਣੋਂ ਵੀ ਰੋਕ ਸਕਦਾ ਹੈ।