ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ 19 ਵਿਦੇਸ਼ੀ ਨਾਗਰਿਕਾਂ ਸਮੇਤ 19 ਜਮਾਤੀ (ਤਬਲੀਗੀ ਜਮਾਤ ਨਾਲ ਜੁੜੇ ਲੋਕ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਜਮਾਤੀਆਂ ਵਿੱਚ 7 ਇੰਡੋਨੇਸ਼ੀਆ ਤੇ 9 ਥਾਈਲੈਂਡ ਤੋਂ ਹਨ। ਇਸ ਤੋਂ ਇਲਾਵਾ ਅਲਾਹਾਬਾਦ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੋ ਜਮਾਤ ਵਿੱਚ ਸ਼ਾਮਲ ਹੋਏ ਸੀ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਪ੍ਰੋਫੈਸਰ ਮੁਹੰਮਦ ਸ਼ਾਹਿਦ ਉੱਤੇ ਵਿਦੇਸ਼ੀ ਲੋਕਾਂ ਨੂੰ ਪਨਾਹ ਦਵਾਉਣ ਤੇ ਲੁਕ ਕੇ ਰਹਿਣ 'ਚ ਮਦਦ ਕਰਨ ਦੇ ਵੀ ਦੋਸ਼ ਹਨ।
ਖ਼ਬਰਾਂ ਅਨੁਸਾਰ, ਜਮਾਤੀਆਂ ਦੇ ਨਾਲ ਉਸ ਦੇ 12 ਮਦਦਗਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ, ਤਿੰਨ ਥਾਣਿਆਂ ਦੇ ਖੇਤਰਾਂ ਵਿੱਚੋਂ ਕੁੱਲ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਰਿਆਂ ਨੂੰ ਕਰੇਲੀ, ਸ਼ਾਹਗੰਜ ਤੇ ਸ਼ਿਵਕੁਟੀ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ।



ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਸ਼ਹਿਰ ਦੀਆਂ ਦੋ ਮਸਜਿਦਾਂ ਵਿੱਚ ਛੁਪੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਇੰਡੋਨੇਸ਼ੀਆਈ ਜਮਾਤੀ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਆਈ ਸੀ। ਕੋਵਿਡ ਹਸਪਤਾਲ ਵਿੱਚ ਇਲਾਜ ਤੋਂ ਦੋ ਦਿਨਾਂ ਬਾਅਦ ਹੀ ਇਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।


ਤੁਹਾਨੂੰ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਸਿਹਤ ਮੰਤਰਾਲੇ ਨੇ ਖੁਲਾਸਾ ਕੀਤਾ ਸੀ ਕਿ ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਕੁੱਲ ਕੇਸਾਂ ਵਿਚੋਂ 30 ਫ਼ੀਸਦ ਤੋਂ ਵੱਧ ਤਬੀਲਗੀ ਜਮਾਤ ਨਾਲ ਸਬੰਧਤ ਹਨ। ਤਬਲੀਗੀ ਜਮਾਤ ਦੀ ਅਣਗਹਿਲੀ ਕਾਰਨ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਜਮਾਤ ਦੇ ਲੋਕ ਪ੍ਰਸ਼ਾਸਨ ਦਾ ਸਮਰਥਨ ਨਹੀਂ ਕਰ ਰਹੇ।