ਨਵੀਂ ਦਿੱਲੀ: ਅਫਗਾਨਿਸਤਾਨ ਵਿੱਚ 'ਫਸੇ' ਅਫਗਾਨ ਸਿੱਖਾਂ ਤੇ ਹਿੰਦੂਆਂ ਦੇ ਸਮੂਹ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਸੰਸਥਾਵਾਂ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਘੱਟ ਗਿਣਤੀਆਂ ਨੂੰ 'ਸੁਰੱਖਿਅਤ ਰਾਹ' ਦੇਣ ਦਾ ਵਾਅਦਾ ਕੀਤਾ ਹੈ, ਜੋ ਇਸ ਸਾਲ ਗੁਰੂ ਤੇਗ ਬਹਾਦਰ ਦੇ 400ਵੇਂ ਗੁਰਪੁਰਬ ਸਮਾਗਮਾਂ ਲਈ ਭਾਰਤ ਆਉਣਾ ਚਾਹੁੰਦੇ ਹਨ।


'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਅਨੁਸਾਰ ਸਿੱਖਾਂ ਤੇ ਹਿੰਦੂਆਂ ਨੇ ਕੁਝ ਦਿਨ ਪਹਿਲਾਂ ਕਾਬੁਲ ਹਵਾਈ ਅੱਡੇ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ, ਜੋ ਸਫਲ ਨਹੀਂ ਹੋਈ। ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇੱਕ ਧਮਾਕੇ ਤੋਂ ਬਾਅਦ ਤਾਲਿਬਾਨ ਲੜਾਕਿਆਂ ਵੱਲੋਂ ਸਿੱਖਾਂ ਤੇ ਹਿੰਦੂਆਂ ਨੂੰ ਲੈ ਕੇ ਜਾ ਰਹੀਆਂ ਬੱਸਾਂ 'ਤੇ ਛੋਟੇ ਹਮਲੇ ਕੀਤੇ ਗਏ। ਇਸ ਮਗਰੋਂ ਇਸ ਸਮੂਹ ਨੇ ਆਪਣੀਆਂ ਕੋਸ਼ਿਸ਼ਾਂ ਬੰਦ ਕਰ ਦਿੱਤੀਆਂ ਤੇ ਇੱਕ ਸਥਾਨਕ ਗੁਰਦੁਆਰੇ ਵਿੱਚ ਸ਼ਰਨ ਲਈ।


ਵਿਸ਼ਵ ਪੰਜਾਬੀ ਸੰਗਠਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਅਮਰੀਕੀ ਸੈਨਾ ਦੀ ਵਾਪਸੀ ਹੋ ਚੁੱਕੀ ਹੈ। ਇਸ ਲਈ ਇਹ ਅਜੇ ਸਪੱਸ਼ਟ ਨਹੀਂ ਹੋਇਆ ਕਿ ਕਾਬੁਲ ਤੋਂ ਭਾਰਤ ਲਈ ਅਗਲੀ ਨਿਕਾਸੀ ਉਡਾਣ ਕਦੋਂ ਰਵਾਨਾ ਹੋਵੇਗੀ। ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤਕਰੀਬਨ 180 ਅਫਗਾਨ-ਹਿੰਦੂ ਫਸੇ ਹੋਏ ਹਨ ਤੇ ਕਾਬੁਲ ਦੇ ਇੱਕ ਗੁਰਦੁਆਰੇ ਵਿੱਚ ਰਹਿ ਰਹੇ ਸੀ। ਉਹ ਹੁਣ ਜਲਾਲਾਬਾਦ, ਗਜ਼ਨੀ ਤੇ ਕਾਬੁਲ ਵਿੱਚ ਆਪਣੇ ਘਰਾਂ ਨੂੰ ਪਰਤ ਆਏ ਹਨ।


ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਤੇ ਦੋਹਾ ਵਿੱਚ ਤਾਲਿਬਾਨ ਦੇ ਰਾਜਨੀਤਕ ਦਫਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਟੈਨਿਕਜ਼ਈ ਵਿੱਚ ਮੁਲਾਕਾਤ ਤੋਂ ਬਾਅਦ ਕਾਬੁਲ ਵਿੱਚ ਤਾਲਿਬਾਨ ਦੇ ਨੁਮਾਇੰਦਿਆਂ ਨੇ ਅਫਗਾਨ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਸੁਰੱਖਿਅਤ ਰਸਤਾ ਦਿੱਤਾ ਜਾਵੇਗਾ। ਸਾਹਨੀ ਨੇ ਕਿਹਾ ਹੈ ਕਿ ਅਸੀਂ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਹਾਂ ਤੇ ਨਿਕਾਸੀ ਯੋਜਨਾ ਲਈ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਯੋਜਨਾ ਅਗਲੇ 10 ਦਿਨਾਂ ਵਿੱਚ ਤਿਆਰ ਹੋਣ ਦੀ ਉਮੀਦ ਹੈ ਤਾਂ ਜੋ ਅਫਗਾਨ ਸਿੱਖ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਆ ਸਕਣ।


ਸਾਹਨੀ ਨੇ ਕਿਹਾ, ਤਾਲਿਬਾਨ ਦੇ ਨੁਮਾਇੰਦਿਆਂ ਨੂੰ ਵੀ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ, ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਅਫਗਾਨ ਸਿੱਖਾਂ ਨੂੰ ਕਾਬੁਲ ਹਵਾਈ ਅੱਡੇ ਤੇ ਫਿਰ ਭਾਰਤ ਜਾਣ ਲਈ ਪੂਰੀ ਸੁਰੱਖਿਆ ਪ੍ਰਦਾਨ ਕਰਨਗੇ।


ਇਹ ਵੀ ਪੜ੍ਹੋ: LPG Cylinder Price Hike: ਕੀ ਤੁਸੀਂ ਜਾਣਦੇ ਹੋ? ਮਾਰਚ 2014 ਤੋਂ ਬਾਅਦ ਸਿਲੰਡਰ ਦੀਆਂ ਕੀਮਤਾਂ 'ਚ ਦੁੱਗਣਾ ਵਾਧਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904