ਹਿਸਾਰ: ਹਰਿਆਣਾ ਪੁਲਿਸ ਨੇ ਫਤਿਹਾਬਾਦ ਤੋਂ ਇੱਕ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤਾਂਤਰਿਕ ਬਾਬੇ ’ਤੇ ਘੱਟੋ ਘੱਟ 120 ਔਰਤਾਂ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੈ। ਤਾਂਤਰਿਕ ਅਜਿਹੇ ਘਿਨਾਉਣੇ ਅਪਰਾਧ ਦੀ ਵੀਡੀਓ ਵੀ ਬਣਾਉਂਦਾ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਅਮਰਪੁਰੀ ਉਰਫ ਬਿੱਲੂ ਨਾਂ ਦਾ ਇਹ ਤਾਂਤਰਿਕ ਬਾਬਾ ਬਲਾਤਕਾਰ ਦੀਆਂ ਵੀਡੀਓ ਸਹਾਰੇ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਤੇ ਇਸੇ ਸਹਾਰੇ ਉਨ੍ਹਾਂ ਦਾ ਦੁਬਾਰਾ ਬਲਾਤਕਾਰ ਕਰਦਾ ਸੀ।

ਗ੍ਰਿਫਤਾਰ ਕੀਤੇ ਬਿੱਲੂ ਕੋਲੋਂ ਪੁਲਿਸ ਨੂੰ ਘੱਟ ਤੋਂ ਘੱਟ 120 ਵੀਡੀਓ ਕਲਿੱਪ ਮਿਲੀਆਂ ਹਨ, ਜਿਨ੍ਹਾਂ ਵਿੱਚ ਤਾਂਤਰਿਕ ਬਾਬਾ ਔਰਤਾਂ ਨਾਲ ਬਲਾਤਕਾਰ ਕਰਦਾ ਨਜ਼ਰ ਆ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਰ ਵੀਡੀਓ ਵਿੱਚ ਵੱਖਰੀ ਔਰਤ ਦਿਖਾਈ ਦਿੰਦੀ ਹੈ। ਇਹ ਸਾਰੀਆਂ ਵੀਡੀਓ ਬਿੱਲੂ ਖ਼ੁਦ ਆਪਣੇ ਫ਼ੋਨ ਤੋਂ ਬਣਾਉਂਦਾ ਸੀ।

ਜਾਣਕਾਰੀ ਅਨੁਸਾਰ, ਬਿਲੂ ਦੇ ਕਿਸੇ ਰਿਸ਼ਤੇਦਾਰ ਨੇ ਇਕ ਸੀਡੀ ਵਿੱਚ ਪੁਲਿਸ ਨੂੰ ਵੀਡੀਓ ਕਲਿੱਪਸ ਦਿੱਤੀਆਂ ਹਨ। ਬਾਬੇ ਨੂੰ ਪੰਜ ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਫਤਿਹਾਬਾਦ ਥਾਣੇ ਦੇ ਇੰਚਾਰਜ ਬਿਮਲਾ ਦੇਵੀ ਨੇ ਦੱਸਿਆ ਕਿ ਪੁਲਿਸ ਪੀੜਤ ਔਰਤਾਂ ਕੋਲੋਂ ਜਾਣਕਾਰੀ ਇਕੱਠੀ ਕਰਨ ਵਿੱਚ ਜੁਟੀ ਹੈ। ਇਨ੍ਹਾਂ ਸਾਰੀਆਂ ਔਰਤਾਂ ਦੇ ਬਿਆਨ ਲਏ ਜਾਣਗੇ।

ਪੁਲਿਸ ਨੇ ਦੱਸਿਆ ਕਿ ਦੋ ਔਰਤਾਂ ਸਾਹਮਣੇ ਆਈਆਂ ਹਨ ਤੇ ਉਹ ਆਪਣਾ ਬਿਆਨ ਦਰਜ ਕਰਾਣ ਲਈ ਵੀ ਤਿਆਰ ਹਨ। ਮੁਲਜ਼ਮ ’ਤੇ ਧਾਰਾ 376 ਤੋਂ ਇਲਾਵਾ ਕਈ ਹੋਰ ਧਾਰਾਵਾਂ ਵੀ ਲਾਈਆ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਬਿੱਲੂ ਔਰਤਾਂ ਨੂੰ ਧਮਕੀ ਦਿੰਦਾ ਸੀ ਕਿ ਉਹ ਇਹ ਵੀਡੀਓ ਹਰ ਕਿਸੇ ਨੂੰ ਦਿਖਾ ਦਏਗਾ। ਇਸੇ ਧਮਕੀ ਸਿਰ ਉਹ ਔਰਤਾਂ ਨੂੰ ਵਾਰ-ਵਾਰ ਉਸ ਕੋਲ ਆਉਣ ਲਈ ਮਜਬੂਰ ਕਰਦਾ ਸੀ ਤੇ ਵਾਰ-ਵਾਰ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।

ਪੁਲਿਸ ਮੁਤਾਬਕ ਨੌਂ ਮਹੀਨੇ ਪਹਿਲਾਂ ਵੀ ਬਿੱਲੂ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਦੇ ਇੱਕ ਜਾਣਕਾਰ ਦੀਪਤਨੀ ਨੇ ਉਸ ਉੱਤੇ ਉਸੇ ਦੇ ਆਸ਼ਰਮ ਵਿੱਚ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਕੇਸ ਵਿੱਚ, ਬਿੱਲੂ ਦੀ ਹਾਲ ਹੀ ਵਿਚ ਹੋਈ ਗ੍ਰਿਫ਼ਤਾਰੀ ਬਾਰੇ ਬਿੱਲੂ ਨੇ ਕਿਹਾ ਹੈ ਕਿ ਉਸ ਨੇ ਪੁਲਿਸ ਨੂੰ ਹਫ਼ਤਾ ਨਹੀਂ ਦਿੱਤਾ, ਇਸ ਲਈ ਉਸ ਨੂੰ ਫਸਾਇਆ ਜਾ ਰਿਹਾ ਹੈ।