ਗਾਂਧੀਨਗਰ: ਸਰਕਾਰ ਅੰਦੋਲਨਕਾਰੀ ਕਿਸਾਨਾਂ ਨੂੰ ਕੋਰੋਨਾ ਦਾ ਡਰਾਵਾ ਦੇ ਰਹੀ ਹੈ ਪਰ ਬੀਜੇਪੀ ਦੇ ਆਪਣੇ ਲੀਡਰਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸਾਂ ਦੀ ਵੀ ਕੋਈ ਪ੍ਰਵਾਹ ਨਹੀਂ। ਤਾਜ਼ਾ ਮਾਮਲਾ ਗੁਜਰਾਤ ਦਾ ਹੈ। ਜਿੱਥੇ ਕੋਰੋਨਾ ਕਰਕੇ ਚਾਰ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲਾਗੂ ਹੈ ਪਰ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰਦਿਆਂ ਸੂਬੇ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਕਾਂਤੀ ਗਮਿਤ ਦੀ ਪੋਤੀ ਦੀ ਕੁੜਮਾਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਹਜ਼ਾਰਾਂ ਦੀ ਭੀੜ ਨਜ਼ਰ ਆ ਰਹੀ ਹੈ।

ਵਾਇਰਲ ਹੋਈ ਵੀਡੀਓ ਵਿੱਚ ਹਜ਼ਾਰਾਂ ਲੋਕ ਗਰਬਾ ਕਰਦੇ ਦਿਖਾਈ ਦੇ ਰਹੇ ਹਨ। ਉਧਰ, ਕੋਈ ਵੀ ਕੋਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਾ ਵੀ ਨਜ਼ਰ ਨਹੀਂ ਆ ਰਿਹਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਥਾਨਕ ਪੁਲਿਸ ਨੇ ਸਾਬਕਾ ਮੰਤਰੀ ਕਾਂਤੀ ਗਮਿਤ ਨੂੰ ਥਾਣੇ ਬੁਲਾਇਆ ਤੇ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ।


ਇਸ ਮਾਮਲੇ ਵਿੱਚ ਪੁਲਿਸ ਨੇ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਸਾਰੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਤੇ ਨਾਲ ਹੀ ਪ੍ਰੋਗਰਾਮ ਦੌਰਾਨ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਕਾਂਤੀ ਗਮਿਤ ਦੀ ਪੋਤੀ ਦੀ ਮੰਗਣੀ ਦੀ ਰਸਮ ਤਾਪੀ ਜ਼ਿਲ੍ਹੇ ਦੇ ਪਿੰਡ ਦੁਸਵਾੜਾ ਵਿਖੇ ਹੋਈ ਜਿਸ ਦੀ ਵੀਡੀਓ ਵਾਇਰਲ ਹੋਈ ਹੈ। ਇਸ ਸਮਾਗਮ ਵਿਚ 6,000 ਤੋਂ ਜ਼ਿਆਦਾ ਲੋਕ ਗਰਬਾ ਖੇਡਦੇ ਦਿਖਾਈ ਦੇ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904