ਨਵੀਂ ਦਿੱਲੀ: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਐਤਵਾਰ ਨੂੰ ਕਰਨਾਲ ਦੇ ਨੇੜਲੇ ਪਿੰਡ 'ਚ ਫੇਰੀ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਰਨਾਲ ਨੇੜੇ ਟੋਲ ਪਲਾਜ਼ਾ ‘ਤੇ ਕਿਸਾਨਾਂ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ ਦਾਗੇ ਹਨ। ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੋਛਾੜਾਂ ਵੀ ਕੀਤੀਆਂ ਹਨ ਜੋ ਕੈਮਲਾ ਪਿੰਡ 'ਚ ਦਾਖਲ ਹੋਣਾ ਚਾਹੁੰਦੇ ਸੀ।


ਮੁੱਖ ਮੰਤਰੀ ਪਿੰਡ ਵਿੱਚ ਇੱਕ ਕਿਸਾਨ ਇਕੱਠ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਤੇ ਪਿਛਲੇ ਸਾਲ ਸਤੰਬਰ ਵਿੱਚ ਕੇਂਦਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਦੇ ਫਾਇਦਿਆਂ ਦੀ ਗੱਲ ਕਰਨਗੇ। ਮੀਟਿੰਗ ਤੋਂ ਪਹਿਲਾਂ ਪਿੰਡ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਾਰੀ ਮੌਜੂਦਗੀ ਵੇਖੀ ਗਈ ਹੈ।

ਸ਼ੁੱਕਰਵਾਰ ਨੂੰ, ਸਥਾਨਕ ਪ੍ਰਦਰਸ਼ਨਕਾਰੀਆਂ ਨੇ ਪਿੰਡ ਵਾਸੀਆਂ ਅਤੇ ਸਥਾਨਕ ਭਾਜਪਾ ਵਰਕਰਾਂ ਨਾਲ ਝੜਪ ਕੀਤੀ, ਜੋ ਇਸ ਯਾਤਰਾ ਨੂੰ ਪ੍ਰਮੋਟ ਕਰ ਰਹੇ ਸੀ। ਟਕਰਾਅ ਦੀ ਸਥਿਤੀ ਉਦੋਂ ਸ਼ੁਰੂ ਹੋਈ ਜਦੋਂ ਪਿੰਡ ਵਾਸੀਆਂ ਨੇ ਕਿਸਾਨਾਂ ਨੂੰ ਆਪਣਾ ਵਿਰੋਧ ਦਰਜ ਕਰਾਉਣ ਲਈ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ।

ਅੱਜ, ਕਾਂਗਰਸ ਦੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ "ਸਤਿਕਾਰਤਯੋਗ ਮਨੋਹਰ ਲਾਲ ਜੀ, ਕਿਰਪਾ ਕਰਕੇ ਕੈਮਲਾ ਪਿੰਡ ਵਿੱਚ ਕਿਸਾਨ ਮਹਾਪੰਚਾਇਤ ਦੇ ਇਸ ਢੌਂਗ ਨੂੰ ਰੋਕੋ। ਸਾਨੂੰ ਖਾਣਾ ਮੁਹੱਈਆ ਕਰਾਉਣ ਵਾਲਿਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਅਮਨ-ਕਾਨੂੰਨ ਦੀ ਸਥਿਤੀ ਵਿੱਚ ਵੀ ਦਖਲ ਦੇਣਾ ਬੰਦ ਕਰੋ।"