ਚੰਡੀਗੜ੍ਹ: ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਮਗਰੋਂ ਠੰਢ ਨੇ ਮੁੜ ਕਾਂਬਾ ਛੇੜਿਆ ਹੈ। ਸ਼ੀਤ ਲਹਿਰ ਤੇ ਕੋਹਰੇ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਧਰ ਪਹਾੜੀ ਰਾਜਾਂ ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਵਿੱਚ ਬਰਫਬਾਰੀ ਦਾ ਦੌਰ ਰੁਕ-ਰੁਕ ਕੇ ਜਾਰੀ ਹੈ। ਇਸ ਦੌਰਾਨ ਮੌਮਸ ਵਿਭਾਗ ਨੇ ਦੱਸਿਆ ਹੈ ਕਿ ਉੱਤਰ ਭਾਰਤ 'ਚ ਪਾਰਾ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਹੇਠਾਂ ਤਕ ਜਾ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਤਾਪਮਾਨ ਡਿੱਗਣ ਨਾਲ ਪੰਜਾਬ, ਹਰਿਆਣਾ ਤੇ ਉਤਰੀ ਰਾਜਸਥਾਨ 'ਚ ਸੋਮਵਾਰ ਤੋਂ ਮੁੜ ਸ਼ੀਤਲਹਿਰ ਦਾ ਦੌਰ ਸ਼ੁਰੂ ਹੋ ਜਾਏਗਾ। ਸ਼ੀਤ ਲਹਿਰ 4 ਦਿਨ ਤਕ ਜਾਰੀ ਰਹੇਗੀ। ਉਧਰ ਕੌਮੀ ਰਾਜਧਾਨੀ ਦਿੱਲੀ 'ਚ ਅੱਜ ਸਵੇਰ ਤੋਂ ਕਈ ਇਲਾਕਿਆਂ 'ਚ ਸੰਘਣਾ ਕੋਹਰਾ ਛਾਇਆ ਰਿਹਾ। ਹਵਾ ਦੇ ਕਾਰਨ ਠੰਢ ਕਾਫੀ ਹੈ।


ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 10 ਜਨਵਰੀ ਤੋਂ ਪਹਾੜੀ ਰਾਜਾਂ ਵਿੱਚ ਹੀ ਨਹੀਂ ਬਲਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਤੇ ਬਿਹਾਰ ਵਿਚ ਵੀ ਸਰਦ ਹਵਾਵਾਂ ਚੱਲਣਗੀਆਂ। 10 ਤੋਂ 20 ਜਨਵਰੀ ਦੇ ਵਿਚਕਾਰ, ਇਨ੍ਹਾਂ ਸਾਰੇ ਰਾਜਾਂ ਵਿੱਚ ਘੱਟੋ ਘੱਟ ਤਾਪਮਾਨ ਫਿਰ ਤੋਂ 5 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਸਕਦਾ ਹੈ। ਜਦੋਂ ਤਾਪਮਾਨ 4 ਡਿਗਰੀ ਦੇ ਨੇੜੇ ਪਹੁੰਚਦਾ ਹੈ ਤਾਂ ਬਹੁਤ ਸਾਰੇ ਇਲਾਕਿਆਂ ਵਿੱਚ ਸ਼ੀਤਲਹਿਰ ਦਾ ਪ੍ਰਕੋਪ ਸ਼ੁਰੂ ਹੋ ਜਾਂਦਾ ਹੈ।

ਹਰਿਆਣਾ, ਪੰਜਾਬ, ਉੱਤਰੀ ਤੇ ਪੂਰਬੀ ਰਾਜਸਥਾਨ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਕੋਹਰਾ ਪੈ ਸਕਦਾ ਹੈ।