ਰੇਵੰਤ ਰੈਡੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਇਸ ਦੇ ਨਾਲ ਹੀ ਉਹ ਤੇਲੰਗਾਨਾ ਵਿੱਚ ਕਾਂਗਰਸ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ। ਹੈਦਰਾਬਾਦ ਦੇ ਐਲਬੀ ਸਟੇਡੀਅਮ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਰਾਜਪਾਲ ਤਮਿਲਿਸਾਈ ਸੁੰਦਰਰਾਜਨ ਨੇ ਲੱਖਾਂ ਲੋਕਾਂ ਦੀ ਮੌਜੂਦਗੀ ਵਿੱਚ ਰੇਵੰਤ ਰੈਡੀ ਨੂੰ ਸਹੁੰ ਚੁਕਾਈ। 


ਜ਼ਿਕਰ ਕਰ ਦਈਏ ਕਿ ਮਾਲੂ ਭੱਟੀ ਵਿਕਰਮਰਕਾ ਨੇ ਰੇਵੰਤ ਰੈਡੀ ਨਾਲ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਤੋਂ ਇਲਾਵਾ ਨਲਮਾਦਾ ਉੱਤਮ ਕੁਮਾਰ ਰੈੱਡੀ, ਸੀ.ਦਾਮੋਦਰ ਰਾਜਨਰਸਿਮ੍ਹਾ, ਕੋਮਾਤੀਰੈੱਡੀ ਵੈਂਕਟਾ ਰੈੱਡੀ, ਐੱਸ. ਦੁਦਿਲਾ ਸ਼੍ਰੀਧਰ ਬਾਬੂ, ਪੋਂਗੁਲੇਬ ਸ਼੍ਰੀਨਿਵਾਸ ਰੈਡੀ, ਪੋਨਮ ਪ੍ਰਭਾਕਰ, ਸੋਟ. ਕੋਂਡਾ ਸੁਰੇਖਾ, ਡੀ. ਅਨਸੂਯਾ ਸੇਥਾਕਾ, ਤੁਮਾਲਾ ਨਾਗੇਸ਼ਵਰ ਰਾਓ, ਕ੍ਰਿਸ਼ਨਾ ਰਾਓ ਅਤੇ ਗੱਦਮ ਪ੍ਰਸਾਦ ਕੁਮਾਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।


ਇਸ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਦੀਪੇਂਦਰ ਹੁੱਡਾ ਸਮੇਤ ਕਈ ਸੀਨੀਅਰ ਲੀਡਰ ਮੌਜੂਦ ਸਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਕਰਨਾਟਕ ਦੇ ਮੁੱਖ ਮੰਤਰੀ ਵੀ ਵਿਸ਼ੇਸ਼ ਤੌਰ ਉੱਤੇ ਪੁੱਜੇ। 






ਕੌਣ ਹਨ ਰੇਵੰਤ ਰੈੱਡੀ


ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਨੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਹਲਫ਼ ਲੈ ਲਿਆ ਹੈ। ਰੇਵੰਤ ਰੈੱਡੀ ਦਾ ਜਨਮ 1969 ਵਿੱਚ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮਹਿਬੂਬਨਗਰ ਜ਼ਿਲ੍ਹੇ ਵਿੱਚ ਹੋਇਆ ਸੀ। ਵਿਦਿਆਰਥੀ ਜੀਵਨ ਤੋਂ ਹੀ ਰੈੱਡੀ ਦਾ ਝੁਕਾਅ ਸਿਆਸਤ ਵੱਲ ਜ਼ਿਆਦਾ ਰਿਹਾ ਹੈ। ਜਿਸ ਵੇਲੇ ਉਹ ਉਸਮਾਨੀਆ ਯੂਨੀਵਰਸਿਟੀ ਵਿੱਚ ਡਿਗਰੀ ਕਰ ਰਹੇ ਸੀ ਤਾਂ ਉਦੋਂ ਉਹ ਏਬੀਵੀਪੀ ਵਿੱਚ ਸ਼ਾਮਲ ਹੋਏ ਹਾਲਾਂਕਿ ਬਾਅਦ ਵਿੱਚ ਰੈੱਡੀ ਨੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਦੀ ਮੈਂਬਰਸ਼ਿੱਪ ਲੈ ਲਈ। 2009 ਵਿਧਾਨ ਸਭਾ ਚੋਣਾਂ ਵਿੱਚ ਰੈੱਡੀ ਟੀਡੀਪੀ ਦੀ ਟਿਕਟ ਤੋਂ ਕੋਡਾਂਗਲ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਤੇ ਜਿੱਤੇ। ਇਸ ਤੋਂ ਬਾਅਦ 2014 ਵਿੱਚ ਉਨ੍ਹਾਂ ਨੂੰ ਟੀਡੀਪੀ ਨੇ ਸਦਨ ਦੇ ਨੇਤਾ ਵੀ ਚੁਣਿਆ। ਸਾਲ 2017 ਵਿੱਚ ਰੈੱਡੀ ਨੇ ਟੀਡੀਪੀ ਛੱਡ ਕੇ ਕਾਂਗਰਸ ਨਾਲ ਹੱਥ ਮਿਲਾ ਲਿਆ। ਇਸ ਤੋਂ ਬਾਅਦ 218 ਵਿੱਚ ਕੋਡਾਂਗਲ ਸੀਟ ਤੋਂ ਚੋਣ ਲਈ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਮਲਕਾਜਗਿਰੀ ਤੋਂ ਟਿਕਟ ਦਿੱਤੀ ਤੇ ਇੱਥੋਂ ਉਸ ਨੇ 10 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸਾਲ 2021 ਵਿੱਚ ਉਸ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ।