Gurpatwant Pannu: ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਅਗਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕੌਮੀ ਜਾਂਚ ਏਜੰਸੀ (ਐੱਨਆਈਏ) ਉਨ੍ਹਾਂ ਅੱਗੇ ਖਾਲਿਸਤਾਨੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਨੂੰ ਚੁੱਕਣ ਦੀ ਤਿਆਰੀ ਕਰ ਰਹੀ ਹੈ।
ਆਪਣੀ ਯਾਤਰਾ ਦੌਰਾਨ ਰੇਅ ਆਪਣੀ ਭਾਰਤ ਫੇਰੀ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਐੱਨਆਈਏ ਦੋਵਾਂ ਦੇ ਅਧਿਕਾਰੀਆਂ ਨੂੰ ਮਿਲਣਗੇ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਦਿੱਲੀ ਵਿੱਚ ਸਮਾਗਮ ਵਿੱਚ ਅਗਲੇ ਹਫ਼ਤੇ ਐੱਫਬੀਆਈ ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਦੌਰੇ ਦੀ ਪੁਸ਼ਟੀ ਕੀਤੀ।
ਜੋ ਬਾਇਡੇਨ ਦੇ ਸਲਾਹਕਾਰ ਵੀ ਪਹੁੰਚੇ ਨੇ ਭਾਰਤ
ਖਾਲਿਸਤਾਨ ਪੱਖੀ ਸਿੱਖ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੀਆਂ ਰਿਪੋਰਟਾਂ ਨੇ ਭਾਰਤ ਤੇ ਅਮਰੀਕਾ ਵਿੱਚ ਹਲਚਲ ਵਧਾ ਦਿੱਤੀ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਅਮਰੀਕਾ ਕਾਫੀ ਔਖਾ ਹੈ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਭਾਰਤ ਨਾਲ ਕਈ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਨ ਲਈ ਨਵੀਂ ਦਿੱਲੀ ਆਏ ਹਨ। ਹਾਸਲ ਜਾਣਕਾਰੀ ਮੁਤਾਬਕ ਭਾਰਤ-ਅਮਰੀਕਾ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਨ ਤੋਂ ਇਲਾਵਾ ਉਹ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ 'ਤੇ ਕਤਲ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤ 'ਤੇ ਲੱਗੇ ਦੋਸ਼ਾਂ ਬਾਰੇ ਵੀ ਗੱਲ ਕਰਨ ਜਾ ਰਹੇ ਹਨ।
ਗੁਰਪਤਵੰਤ ਪੰਨੂ ਨੇ ਮੁੜ ਦਿੱਤੀ ਭਾਰਤ ਨੂੰ ਧਮਕੀ
ਜ਼ਿਕਰ ਕਰ ਦਈਏ ਕਤਲ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ (SFJ) ਦਾ ਲੀਡਰ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ। ਇੱਕ ਪਾਸੇ ਉਹ ਲਗਾਤਾਰ ਭਾਰਤ ਸਰਕਾਰ ਨੂੰ ਧਮਕੀਆਂ ਦੇ ਰਿਹਾ ਹੈ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾ ਰਿਹਾ ਹੈ। ਦੂਜੇ ਪਾਸੇ ਹੁਣ ਉਹ ਕਸ਼ਮੀਰ ਅੰਦੋਲਨ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੁਰਪਤਵੰਤ ਪੰਨੂ ਨੇ ਹੁਣ ਅਫਜ਼ਲ ਗੁਰੂ ਦਾ ਨਾਂ ਲੈ ਕੇ 13 ਦਸੰਬਰ ਨੂੰ ਭਾਰਤ ਦੀ ਸੰਸਦ ਦੀ ਨੀਂਹ ਹਿਲਾ ਦੇਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇਹ ਧਮਕੀ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਨੂੰ ਆਧਾਰ ਬਣਾ ਕੇ ਦਿੱਤੀ ਹੈ।
ਗੁਰਪਤਵੰਤ ਪੰਨੂ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਪੰਨੂ ਨੇ ਧਮਕੀ ਦਿੰਦਿਆ ਕਿਹਾ ਹੈ ਕਿ ਕੀ ਭਾਰਤ ਮੋਦੀ ਸਰਕਾਰ ਦੀ ਉਸ ਨੂੰ ਮਾਰਨ ਦੀ ਸਾਜ਼ਿਸ਼ 'ਤੇ SFJ ਦੀ 13 ਦਸੰਬਰ ਦੇ ਰੀਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਹੈ? 13 ਦਸੰਬਰ 2001 ਨੂੰ ਅਫਜ਼ਲ ਗੁਰੂ ਨੇ ਸੰਸਦ ਵਿੱਚ ਪਹੁੰਚ ਕੇ ਕਸ਼ਮੀਰ ਦਾ ਮੁੱਦਾ ਉਠਾਇਆ ਸੀ। ਹੁਣ ਪੰਨੂ ਵੀ 13 ਦਸੰਬਰ 2023 ਨੂੰ ਨਾਕਾਮ ਕਤਲ ਦੀ ਸਾਜਿਸ਼ ਦਾ ਜਵਾਬ ਦੇਵੇਗਾ।