ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਵਿੱਤ ਮੰਤਰੀ ਯਨਮਾਲਾ ਰਾਮ ਕ੍ਰਿਸ਼ਣੁਡੂ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੀ ਤੁਲਨਾ ‘ਐਨਾਕੌਂਡਾ’ ਨਾਲ ਕਰ ਦਿੱਤੀ। ਪੀਐਮ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਹ ਉਹੀ ਐਨਾਕੌਂਡਾ ਹੈ ਜੋ ਕੌਮੀ ਸੰਸਥਾਵਾਂ ਨੂੰ ਨਿਗਲ ਰਿਹਾ ਹੈ। ਉਨ੍ਹਾਂ ਕਿਹਾ CBI, RBI ਤੇ ਹੋਰ ਸੰਸਥਾਵਾਂ ਨੂੰ ਨਿਗਲਣ ਵਾਲੇ ਪੀਐਮ ਮੋਦੀ ਦੇਸ਼ ਦੇ ਰਖਵਾਲੇ ਕਿਵੇਂ ਹੋ ਸਕਦੇ ਹਨ? ਉਨ੍ਹਾਂ ਕਿਹਾ ਕਿ ਜੋ ਪਾਰਟੀਆਂ ਮੋਦੀ ਦਾ ਸਮਰਥਨ ਕਰ ਰਹੀਆਂ ਹਨ, ਉਹ ਰਾਸ਼ਟਰੀ ਸੰਸਥਾਵਾਂ ਤੇ ਲੋਕਤੰਤਰ ਦਾ ਘਾਣ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਕਾਂਗਰਸੀ ਲੀਡਰ ਸ਼ਸ਼ੀ ਥਰੂਰ ਨੇ ਮੋਦੀ ਦੀ ਤੁਲਣਾ ਬਿੱਛੂ ਨਾਲ ਕੀਤੀ ਸੀ।


ਯਨਮਾਲ ਦੇ ਬਿਆਨ ਤੋਂ ਬਾਅਦ ਸਿਆਸਤ ਭਖ ਗਈ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਕੰਨਾ ਲਕਸ਼ਮੀਨਾਰਾਇਣ ਨੇ ਟੀਡੀਪੀ ਮੁਖੀ ਤੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੂੰ ਭ੍ਰਿਸ਼ਟਾਚਾਰ ਦਾ ਰਾਜਾ ਦੱਸਿਆ। ਉਨ੍ਹਾਂ ਕਿਹਾ ਕਿ ਚੰਦਰਬਾਬੂ ਨਾਇਡੂ ਕਿਸੇ ਵੀ ਹੱਦ ਤਕ ਡਿੱਗ ਸਕਦੇ ਹਨ। ਜਿਸ ਵਿਅਕਤੀ ਨੇ 2017 ਵਿੱਚ NDA ਦੀ ਬੈਠਕ ਵਿੱਚ ਪ੍ਰਸਤਾਵ ਪਾਸ ਕਰਕੇ ਕਿਹਾ ਸੀ ਕਿ ਮੋਦੀ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ, ਉਹੀ ਹੁਣ ਪੀਐਮ ਮੋਦੀ ਦੀਆਂ ਬਦਖੋਈਆਂ ਕਰ ਰਿਹਾ ਹੈ।

ਕੰਨਾ ਨੇ ਕਿਹਾ ਕਿ ਸਾਰੇ ਭ੍ਰਿਸ਼ਟਾਚਾਰੀ ਸਿਆਸੀ ਦਲਾਂ ਨੇ ਇੱਕ ਗਰੁੱਪ ਬਣਾ ਲਿਆ ਹੈ ਤੇ ਚੰਦਰਬਾਬੂ ਨਾਇਡੂ ਵੀ ਖ਼ੁਦ ਇਸ ਗਰੁੱਪ ਨਾਲ ਜੁੜ ਗਏ ਹਨ ਪਰ ਇਹ ਸਾਰੇ ਜੇ ਸਿਆਸਤ ਖੇਡ ਕੇ ਦੇਸ਼ ਨੂੰ ਲੁੱਟਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਦੱਸਿਆ ਕਿ ਚੰਦਰਬਾਬੂ ਨਾਇਡੂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦਾ ਭ੍ਰਿਸ਼ਟਾਚਾਰੀ ਇਤਿਹਾਸ ਬਾਹਰ ਨਾ ਆ ਜਾਏ, ਇਸੇ ਲਈ ਟੀਡੀਪੀ ਮੁਖੀ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ।