ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੁਧਵਾਰ ਨੂੰ ਦਹਿਸ਼ਤਗਰਦਾਂ ਨਾਲ ਮੁਠਭੇੜ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ। ਮੁੱਠਭੇੜ ਦੌਰਾਨ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਮਾਰਿਆ ਗਿਆ ਅੱਤਵਾਦੀ ਹਿਜ਼ਬੁਲ ਮੁਜ਼ਾਹੇਦੀਨ (HM) ਦਾ ਸੀਨੀਅਰ ਕਮਾਂਡਰ ਸੀ।


ਮਾਰੇ ਗਏ ਅੱਤਵਾਦੀ ਦੀ ਪਛਾਣ ਅਜ਼ਾਦ ਲਲਹਾਰੀ ਵਜੋਂ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ ਲਲਹਾਰੀ, ਰਿਆਜ਼ ਨਾਇਕੂ ਤੋਂ ਬਾਅਦ ਮੁੱਖ ਕਮਾਂਡਰ ਬਣਿਆ ਸੀ। ਉਹ ਕਸ਼ਮੀਰ ਦੇ ਮੋਸਟ ਵਾਂਟੇਡ ਅੱਤਵਾਦੀਆਂ ਵਿੱਚੋਂ ਇੱਕ ਸੀ। ਡੀਜੀਪੀ ਦਿਲਬਾਗ ਸਿੰਘ ਮੁਤਾਬਕ ਲਲਹਾਰੀ ਖਿਲਾਫ 6 FIR ਦਰਜ ਸਨ। 22 ਮਈ ਨੂੰ ਪੁਲਵਾਮਾ ਸ਼ਹਿਰ 'ਚ ਹੈੱਡ ਕਾਂਸਟੇਬਲ ਅਨੂਪ ਸਿੰਘ ਦੇ ਕਤਲ ਮਾਮਲੇ 'ਚ ਵੀ ਲਲਹਾਰੀ ਦਾ ਨਾਂ ਆ ਰਿਹਾ ਹੈ।

ਸੁਰੱਖਿਆ ਬਾਲਾਂ ਨੂੰ ਅੱਤਵਾਦੀਆਂ ਦੇ ਕਾਮਰਾਜੀਪੋਰਾ ਪਿੰਡ ਦੇ ਇੱਕ ਬਾਗ 'ਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਲਾਕੇ 'ਚ ਤੜਕੇ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ 'ਚ ਸੁਰੱਖਿਆ ਬਲਾਂ ਨੇ ਵੀ ਫਾਇਰ ਕੀਤੇ। ਇਸ ਮੁਠਭੇੜ 'ਚ ਦੋ ਜਵਾਨ ਜ਼ਖਮੀ ਵੀ ਹੋ ਗਏ।

ਇਸ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਇੱਕ ਜਵਾਨ ਨੇ ਦਮ ਤੋੜ ਦਿੱਤਾ।ਇਸ ਦੌਰਾਨ ਇੱਕ AK-47 ਰਾਈਫਲ ਤੇ ਕੁਝ ਗਰਨੇਡ ਵੀ ਬਰਾਮਦ ਕੀਤੇ ਗਏ ਹਨ।