ਸ੍ਰੀਨਗਰ: ਅੱਤਵਾਦੀਆਂ ਨੇ ਬੁੱਧਵਾਰ ਸਵੇਰੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਸੀਆਰਪੀਐਫ ਪਾਰਟੀ ਉੱਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਸੀਆਰਪੀਐਫ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ 'ਚ ਸੀਆਰਪੀਐਫ ਦਾ ਇੱਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ ਹੈ। ਇਸ ਦੌਰਾਨ ਸੈਨਾ ਦੇ ਇੱਕ ਜਵਾਨ ਨੇ ਤਿੰਨ ਸਾਲ ਦੇ ਬੱਚੇ ਦੀ ਜਾਨ ਵੀ ਬਚਾਈ ਹੈ।

ਦਰਅਸਲ, ਬੱਚਾ ਬਿਨਾਂ ਕਿਸੇ ਡਰ ਦੇ ਘਟਨਾ ਸਥਾਨ 'ਤੇ ਮੌਜੂਦ ਸੀ। ਗੋਲੀਬਾਰੀ 'ਚ ਬੱਚੇ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਬੱਚਾ ਉਸ ਦੀ ਲਾਸ਼ 'ਤੇ ਬੈਠਾ ਸੀ। ਇਸ ਦੌਰਾਨ  ਸੈਨਾ ਦੇ ਸਿਪਾਹੀ ਨੇ ਤੁਰੰਤ ਬੱਚੇ ਨੂੰ ਉਥੋਂ ਹਟਿਆ ਤੇ ਉਸ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਗਿਆ।


 


ਉੱਧਰ, ਇਸ ਹਮਲੇ 'ਚ ਜ਼ਖਮੀ ਸੀਆਰਪੀਐਫ ਦੇ ਜਵਾਨਾਂ ਨੂੰ ਸ੍ਰੀਨਗਰ ਦੇ ਆਰਮੀ ਬੇਸ 92 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰਕੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਤਿੰਨ ਮਹਿਨਿਆਂ 'ਚ ਸੋਪੋਰ 'ਚ ਹੋਇਆ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ  ਅੱਤਵਾਦੀ ਹਮਲਾ ਹੋਇਆ ਸੀ ਜਿਸ 'ਚ ਸੀਆਰਪੀਐਫ ਦੇ ਤਿੰਨ ਜਵਾਨ ਸ਼ਹੀਦ ਹੋਏ ਸਨ।