ਨਵੀਂ ਦਿੱਲੀ: ਮੁਲਕ ਦੇ ਹਸਪਤਾਲ ਨਿੱਤ ਦਿਨ ਵਿਗੜਦੇ ਸਿਸਟਮ ਕਾਰਨ ਚਰਚਾ ਵਿੱਚ ਰਹਿੰਦੇ ਹਨ। ਇਹੋ ਹਾਲ ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਬੀਐਚਯੂ ਟ੍ਰਾਮਾ ਸੈਂਟਰ ਦਾ ਹੈ। ਚੂਹਿਆਂ ਕਾਰਨ ਇਹ ਟ੍ਰਾਮਾ ਸੈਂਟਰ ਚਰਚਾ ਵਿੱਚ ਹੈ। ਬੀਤੇ ਮੰਗਲਵਾਰ ਚੂਹਿਆਂ ਕਾਰਨ ਟ੍ਰਾਮਾ ਸੈਂਟਰ ਵਿੱਚ ਅੱਗ ਲੱਗ ਗਈ ਤੇ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ।   ਸੀਸੀਟੀਵੀ ਕੈਮਰੇ ਨੂੰ ਬੈਕਅਪ ਦੇਣ ਲਈ ਲੱਗੀ ਬੈਟਰੀ ਦੀਆਂ ਤਾਰਾਂ ਚੂਹਿਆਂ ਨੇ ਕੁਤਰ ਦਿੱਤੀਆਂ। ਇਸ ਨਾਲ ਚਿੰਗਾੜੀਆਂ ਨਿਕਲੀਆਂ ਤੇ ਅੱਗ ਲੱਗ ਗਈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਟੀਮ ਬਣਾਈ ਗਈ ਹੈ। ਟ੍ਰਾਮਾ ਸੈਂਟਰ ਦੇ ਸੈਂਟ੍ਰਲਾਇਜ਼ ਏਸੀ ਪਲਾਂਟ ਸਣੇ ਪੂਰੇ ਹਸਪਤਾਲ ਵਿੱਚ ਚੂਹਿਆਂ ਦੀ ਭਰਮਾਰ ਹੈ। ਇਸ ਕਾਰਨ ਕਈ ਵਾਰ ਫਾਇਰ ਅਲਾਰਮ ਆਪਣੇ ਆਪ ਵੱਜਣ ਲੱਗਦਾ ਹੈ। ਕਦੇ ਸੀਸੀਟੀਵੀ ਕੈਮਰੇ ਬੰਦ ਹੋ ਜਾਂਦੇ ਹਨ। ਟ੍ਰਾਮਾ ਸੈਂਟਰ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਚੂਹੇ ਮਾਰਨ ਦਾ ਠੇਕਾ ਦਿੱਤਾ ਹੈ ਪਰ ਦੋ ਮਹੀਨੇ ਬੀਤਣ ਤੋਂ ਬਾਅਦ ਵੀ ਟ੍ਰਾਮਾ ਸੈਂਟਰ ਵਿੱਚੋਂ ਚੂਹੇ ਖਤਮ ਨਹੀਂ ਹੋ ਸਕੇ।