ਨਵੀਂ ਦਿੱਲੀ: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਇੱਕ ਅੱਤਵਾਦੀ ਨੂੰ ਅੱਠ ਹੈਂਡਗ੍ਰਨੇਡਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਆਜ਼ਾਦੀ ਦਿਹਾੜੇ ਮੌਕੇ ਜੰਮੂ-ਕਸ਼ਮੀਰ ਤੇ ਦਿੱਲੀ 'ਚ ਇਨ੍ਹਾਂ ਹੈਡਗ੍ਰਨੇਡਾਂ ਯਾਨੀ ਹੱਥਗੋਲਿਆਂ ਦੀ ਵਰਤੋਂ ਦੀ ਯੋਜਨਾ ਬਣਾਈ ਗਈ ਸੀ।


ਜੰਮੂ ਜ਼ੋਨ ਦੇ ਆਈਜੀਪੀ ਡਾਕਟਰ ਐਸਡੀ ਸਿੰਘ ਜਮਵਾਲ ਨੇ ਕਿਹਾ ਕਿ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਇਨ੍ਹਾਂ ਹੱਥਗੋਲਿਆਂ ਦੀ ਵਰਤੋਂ 15 ਅਗਸਤ ਨੂੰ ਜੰਮੂ-ਕਸ਼ਮੀਰ ਤੇ ਦਿੱਲੀ 'ਚ ਕੀਤੀ ਜਾਣੀ ਸੀ।





ਇਸ ਤੋਂ ਇਲਾਵਾ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀ ਇਰਫਾਨ ਹਸਨ ਵਾਣੀ ਨੂੰ ਕੱਲ੍ਹ ਗਾਂਧੀ ਨਗਰ ਤੋਂ 60,000 ਰੁਪਏ ਦੀ ਨਕਦੀ ਸਹਿਤ ਗ੍ਰਿਫਤਾਰ ਕੀਤਾ ਗਿਆ। ਖੁਫੀਆ ਸੂਚਨਾ ਹੈ ਕਿ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜ਼ਾਹਦੀਨ ਦੇ ਕਸ਼ਮੀਰੀ ਅੱਤਵਾਦੀ 15 ਅਗਸਤ ਨੂੰ ਜੰਮੂ ਤੇ ਨਵੀਂ ਦਿੱਲੀ 'ਚ ਕਈ ਥਾਈਂ ਅੱਤਵਾਦੀ ਹਮਲੇ ਕਰਨ ਦੀ ਫਿਰਾਕ 'ਚ ਹਨ। ਇਸ ਸੂਚਨਾ ਤੋਂ ਬਾਅਦ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ।