ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀਆਂ ਲਾਸ਼ਾਂ ਦਾ ਹੋਵੇਗਾ ਇਹ 'ਹਸ਼ਰ'
ਏਬੀਪੀ ਸਾਂਝਾ | 23 Jun 2018 01:59 PM (IST)
ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਲਾਉਣ ਤੋਂ ਬਾਅਦ ਜਿੱਥੇ ਸੁਰੱਖਿਆਂ ਬਲਾਂ ਨੂੰ ਕੇਂਦਰ ਸਰਕਾਰ ਅੱਤਵਾਦੀਆਂ ਖਿਲਾਫ਼ ਆਪ੍ਰੇਸ਼ਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਘਾਟੀ 'ਚ ਸੁਰੱਖਿਆ ਆਪਰੇਸ਼ਨ ਦੀ ਰਣਨੀਤੀ 'ਚ ਵੱਡੇ ਫੇਰਬਦਲ ਦਾ ਐਲਾਨ ਕੀਤਾ ਹੈ। ਸੁਰੱਖਆ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਸ਼ਮੀਰ ਘਾਟੀ 'ਚ ਅੱਤਵਾਦੀਆਂ ਦੀ ਸਥਾਨਕ ਭਰਤੀ ਮੁਹਿੰਮ 'ਤੇ ਰੋਕ ਲਾਉਣ ਲਈ ਵੱਡਾ ਕਦਮ ਉਠਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਘਾਟੀ 'ਚ ਲਸ਼ਕਰ, ਜੈਸ਼ ਤੇ ਹਿਜਬੁਲ ਦੇ ਉੱਚ ਕਮਾਂਡਰਾਂ ਦੇ ਮਾਰੇ ਜਾਣ 'ਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਦੀ ਬਜਾਇ ਅਨਜਾਣ ਜਗ੍ਹਾ 'ਤੇ ਦਫਨ ਕਰਨ ਦਾ ਵਿਚਾਰ ਹੋ ਰਿਹਾ ਹੈ। ਦੱਸ ਦਈਏ ਕਿ ਅੱਤਵਾਦੀ ਕਮਾਂਡਰਾਂ ਦੇ ਜਨਾਜ਼ੇ 'ਚ ਵੱਡੀ ਸੰਖਿਆ 'ਚ ਸਥਾਨਕ ਨੌਜਵਾਨ ਸ਼ਾਮਿਲ ਹੁੰਦੇ ਹਨ। ਜਿੱਥੇ ਹਥਿਆਰਬੰਦ ਅੱਤਵਾਦੀ ਕਮਾਂਡਰ ਭੜਕਾਊ ਤਕਰੀਰਾਂ ਕਰਦੇ ਹਨ ਤੇ ਨੌਜਵਾਨਾਂ ਨੂੰ ਜੇਹਾਦ ਦੇ ਨਾਂ 'ਤੇ ਭੜਕਾਇਆ ਜਾਂਦਾ ਹੈ। ਖੁਫੀਆ ਏਜੰਸੀ ਨੇ ਹਾਲ ਹੀ 'ਚ ਸਰਕਾਰ ਨੂੰ ਰਿਪੋਰਟ ਦਿੱਤੀ ਸੀ ਕਿ ਕਸ਼ਮੀਰ 'ਚ ਅੱਤਵਾਦੀ ਜਨਾਜਿਆਂ 'ਚ ਅੱਤਵਾਦੀ ਭਰਤੀ ਕਰਨ ਦੀ ਮੁਹਿੰਮ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਸੁਰੱਖਿਆਂ ਏਜੰਸੀਆਂ ਨੇ ਫੈਸਲਾ ਕੀਤਾ ਹੈ ਕਿ ਅੱਤਵਾਦੀਆਂ ਦੇ ਵਿਰੁੱਧ ਸੁਰੱਖਿਆਂ ਬਲਾਂ ਦੇ ਆਪਰੇਸ਼ਨ 'ਚ ਅੜਿੱਕਾ ਡਾਹੇ ਜਾਣ ਵਾਲੇ ਪੱਥਰਬਾਜ਼ਾਂ ਨਾਲ ਕੋਈ ਰਿਆਇਤ ਨਹੀਂ ਹੋਵੇਗੀ। ਫੜ੍ਹੇ ਗਏ ਪੱਥਰਬਾਜ਼ਾਂ ਤੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।