ਨਵੀਂ ਦਿੱਲੀ: ਦਿੱਲੀ 'ਚ ਕਿਸੇ ਵੱਡੇ ਹਮਲੇ ਦੇ ਖਦਸ਼ੇ ਦੇ ਚੱਲਦਿਆਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਦਿੱਲੀ 'ਚ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੈਇਬਾ ਦੇ ਚਾਰ-ਪੰਜ ਅੱਤਵਾਦੀਆਂ ਦੇ ਦਾਖ਼ਲ ਹੋਣ ਦੀ ਖ਼ਬਰ ਹੈ।


ਇਸ ਦੇ ਮੱਦੇਨਜ਼ਰ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਦਿੱਲੀ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਦਿੱਲੀ 'ਚ ਹਰ ਭੀੜ ਵਾਲੇ ਇਲਾਕੇ ਬਜ਼ਾਰ, ਰੇਲਵੇ ਸਟੇਸ਼ਨ, ਬੱਸ ਅੱਡਿਆਂ 'ਤੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ ਹੈ।


ਦਿੱਲੀ ਪੁਲਿਸ ਦੇ ਸਾਰੇ ਯੂਨਿਟ ਅਲਰਟ 'ਤੇ ਹਨ। ਥਾਂ-ਥਾਂ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਨੰਬਰ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਅੱਤਵਾਦੀ ਸ਼ਹਿਰ 'ਚ ਟਰੱਕ ਜ਼ਰੀਏ ਦਾਖ਼ਲ ਹੋਏ ਹਨ।। ਉਨ੍ਹਾਂ ਕੋਲ ਹਥਿਆਰ ਹਨ ਜਿਸ ਦੇ ਚੱਲਦਿਆਂ ਦਿੱਲੀ 'ਚ ਵੱਡੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦਿਤਾ ਜਾ ਸਕਦਾ ਹੈ।


ਹਮਲੇ ਦੇ ਖਤਰੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਲੋਕਾਂ ਨੂੰ ਵੀ ਚੇਤੰਨ ਕੀਤਾ ਜਾ ਰਿਹਾ ਹੈ। ਘਰ ਕਿਰਾਏ 'ਤੇ ਦੇਣ ਲੱਗਿਆਂ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 11 ਜੂਨ ਨੂੰ ਦਿੱਲੀ ਪੁਲਿਸ ਨੇ ਤਿੰਨ ਅੱਤਵਾਦੀ ਗ੍ਰਿਫ਼ਤਾਰ ਕੀਤੇ ਸਨ। ਹੁਣ ਇਕ ਵਾਰ ਮੁੜ ਤੋਂ ਦਿੱਲੀ ਅੱਤਵਾਦੀ ਹਮਲੇ ਦੇ ਸਹਿਮ ਹੇਠ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ