ਸ੍ਰੀਨਗਰ: ਜੰਮੂ-ਕਸ਼ਮੀਰ 'ਚ ਅੱਤਵਾਦੀ ਏਕੇ 47 ਰਾਈਫਲ 'ਚ ਸਟੀਲ ਬੁਲੇਟ ਦੀ ਵਰਤੋਂ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਹ ਬੁਲੇਟ ਪਰੂਫ ਬੰਕਰਾਂ ਨੂੰ ਉਡਾਉਣ 'ਚ ਸਮਰੱਥ ਹਨ। ਇਸ ਤਰ੍ਹਾਂ ਦੀਆਂ ਗੋਲੀਆਂ ਦੀ ਜ਼ਿਆਦਾ ਵਰਤੋਂ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਤਵਾਦੀ ਸੰਗਠਨ ਕਰ ਰਹੇ ਹਨ।


ਕਸ਼ਮੀਰ 'ਚ ਸਰਚ ਆਪਰੇਸ਼ਨ ਦੌਰਾਨ ਜੈਸ਼-ਏ-ਮੁਹੰਮਦ ਦੇ ਟਿਕਾਣਿਆ ਤੋਂ ਵੱਡੀ ਮਾਤਰਾ 'ਚ ਸਟੀਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਹਾਲਾਕਿ ਪਹਿਲਾਂ ਮਾਮਲਾ 31 ਦਸੰਬਰ, 2017 ਨੂੰ ਸਾਹਮਣੇ ਆਇਆ ਸੀ, ਜਦੋਂ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਲੇਥਪੋਰਾ 'ਚ ਸੀਆਰਪੀਐਫ ਕੈਂਪ 'ਚ ਫਿਦਾਈਨ ਹਮਲਾ ਕੀਤਾ ਸੀ। ਇਸ ਹਮਲੇ 'ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ।


ਇਸ ਹਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਜਵਾਨ ਬੁਲੇਟ ਪਰੂਫ ਬੰਕਰ 'ਚ ਸਨ। ਅੱਤਵਾਦੀਆਂ ਨੇ ਏਕੇ 47 'ਚ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਸੀ। ਬੀਐਸਐਫ ਅਧਿਕਾਰੀਆਂ ਮੁਤਾਬਕ ਆਮ ਤੌਰ ਤੇ ਏਕੇ 47 ਦੀਆਂ ਗੋਲੀਆਂ 'ਚ ਇਸਤੇਮਾਲ ਹੋਣ ਵਾਲਾ ਸਟੀਲ ਥੋੜ੍ਹਾ ਹਲਕਾ ਹੁੰਦਾ ਹੈ ਜੋ ਬੁਲੇਟ ਪਰੂਫ ਸ਼ੀਲਡ 'ਚੋਂ ਲੰਘ ਨਹੀਂ ਸਕਦਾ ਪਰ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਏ ਹਨ ਉਸ ਤੋਂ ਬਾਅਦ ਸੁਰੱਖਿਆ ਲਈ ਹੋਰ ਮਜਬੂਤ ਕਦਮ ਉਠਾਏ ਗਏ ਹਨ। ਅਧਿਕਾਰੀਆਂ ਮੁਤਾਬਕ ਚੀਨੀ ਤਕਨੀਕ ਦੀ ਮਦਦ ਨਾਲ ਇਸ ਤਰ੍ਹਾਂ ਦਾ ਗੋਲਾ-ਬਾਰੂਦ ਤਿਆਰ ਕੀਤਾ ਜਾ ਰਿਹਾ ਹੈ।