ਇੱਕ ਪਾਸੇ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧਦੀਆਂ ਜਾ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੱਕ ਦੂਹਰਾ ਕੀਤਾ ਹੋਇਆ ਹੈ, ਉੱਥੇ ਹੀ ਆਉਂਦੀ 1 ਅਪ੍ਰੈਲ ਤੋਂ ਦੁੱਧ, ਏਅਰ ਕੰਡੀਸ਼ਨਰ, ਪੱਖੇ, ਟੀਵੀ, ਸਮਾਰਟਫ਼ੋਨਜ਼ ਵੀ ਮਹਿੰਗੇ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਹਵਾਈ ਯਾਤਰਾ, ਸੜਕਾਂ ਉੱਤੇ ਲੱਗਣ ਵਾਲਾ ਟੋਲ ਟੈਕਸ ਤੇ ਬਿਜਲੀ ਲਈ ਵੀ ਹੁਣ ਵੱਧ ਰਕਮ ਅਦਾ ਕਰਨੀ ਹੋਇਆ ਕਰੇਗੀ। ਪਹਿਲੀ ਅਪ੍ਰੈਲ ਤੋਂ ਦੁੱਧ 3 ਰੁਪਏ ਮਹਿੰਗਾ ਹੋ ਜਾਵੇਗਾ।
ਕਿਸਾਨਾਂ ਨੇ ਕਿਹਾ ਸੀ ਕਿ ਉਹ ਦੁੱਧ ਦੀ ਕੀਮਤ ਵਿੱਚ ਵਾਧਾ ਕਰ ਕੇ ਉਸ ਨੂੰ 55 ਰੁਪਏ ਪ੍ਰਤੀ ਲਿਟਰ ਕਰਨਾ ਚਾਹੁੰਦੇ ਹਨ ਪਰ ਵਪਾਰੀਆਂ ਨੇ ਸਿਰਫ਼ 3 ਰੁਪਏ ਹੀ ਵਧਾਉਣ ਦੀ ਗੱਲ ਕੀਤੀ ਹੈ। ਇੰਝ 1 ਅਪ੍ਰੈਲ ਤੋਂ ਦੁੱਧ 49 ਰੁਪਏ ਪ੍ਰਤੀ ਲਿਟਰ ਦੇ ਭਾਅ ਮਿਲੇਗਾ।
ਉੱਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸਵੇਅ ਉੱਤੇ ਸਫ਼ਰ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਇਸ ਸੜਕ ਉੱਤੇ ਟੋਲ ਟੈਕਸ 5 ਰੁਪਏ ਤੋਂ ਲੈ ਕੇ 25 ਰੁਪਏ ਤੱਕ ਵਧਾ ਦਿੱਤਾ ਗਿਆ ਹੈ। ਉੱਧਰ ਪਹਿਲੀ ਅਪ੍ਰੈਲ ਤੋਂ ਬਿਹਾਰ ਵਾਸੀਆਂ ਲਈ ਬਿਜਲੀ 9 ਤੋਂ 10 ਫ਼ੀ ਸਦੀ ਤੱਕ ਮਹਿੰਗੀ ਹੋਣ ਜਾ ਰਹੀ ਹੈ।
ਜੇ ਤੁਸੀਂ ਹਵਾਈ ਯਾਤਰਾ ਕਰਦੇ ਹੋ, ਤਦ ਕੇਂਦਰ ਸਰਕਾਰ ਨੇ ਦੇਸ਼ ਅੰਦਰ ਚੱਲਣ ਵਾਲੀਆਂ ਉਡਾਣਾਂ ਦੀ ਲੋਅਰ ਲਿਮਿਟ ਨੂੰ 5 ਫ਼ੀ ਸਦੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲੀ ਅਪ੍ਰੈਲ ਤੋਂ ਏਵੀਏਸ਼ਨ ਸਕਿਓਰਿਟੀ ਫ਼ੀਸ ਵੀ ਵਧ ਜਾਣੀ ਹੈ। 1 ਅਪ੍ਰੈਲ ਤੋਂ ਇਹ 200 ਰੁਪਏ ਹੋਵੇਗੀ; ਇਸ ਵੇਲੇ ਇਹ 160 ਰੁਪਏ ਹੈ।
1 ਅਪ੍ਰੈਲ ਤੋਂ ਟੈਲੀਵਿਜ਼ਨ ਦੀਆਂ ਕੀਮਤਾਂ ’ਚ 2,000 ਰੁਪਏ ਤੋਂ ਲੈ ਕੇ 3,000 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਪਿਛਲੇ 8 ਮਹੀਨਿਆਂ ਦੌਰਾਨ ਟੀਵੀ ਦੀਆਂ ਕੀਮਤਾਂ ਵਿੱਚ 3 ਤੋਂ 4 ਹਜ਼ਾਰ ਰੁਪਏ ਤੱਕ ਦਾ ਵਾਧਾ ਹੋਇਆ ਹੈ।
ਇਨ੍ਹਾਂ ਤੋਂ ਇਲਾਵਾ ਏਸੀ, ਫ਼੍ਰਿੱਜ, ਕੂਲਰ ਦੇ ਨਾਲ ਨਾਲ ਕਾਰਾਂ ਵੀ ਮਹਿੰਗੀਆਂ ਹੋਣ ਜਾ ਰਹੀਆਂ ਹਨ।