ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਐਕਟਿਵ ਹੈ। ਇਸ ਦੌਰਾਨ ਭਾਰਤ ਵਿੱਚ ਆਸਮਾਨੀ ਬਿਜਲੀ ਨਾਲ ਮੌਤਾਂ ਆਮ ਕਾਰਨ ਬਣ ਗਿਆ ਹੈ। ਸ਼ਨੀਵਾਰ ਨੂੰ ਝਾਰਖੰਡ ਵਿੱਚ ਬਿਜਲੀ ਡਿੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੀੜਤਾਂ ਵਿੱਚ ਤਿੰਨ ਔਰਤਾਂ ਤੇ ਦੋ ਲੜਕੀਆਂ ਸ਼ਾਮਲ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਹਜ਼ਾਰੀਬਾਗ ਤੇ ਪਲਾਮੂ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗੀ। ਉਨ੍ਹਾਂ ਨੇ ਦੱਸਿਆ ਕਿ ਸੱਤ ਵਿੱਚੋਂ ਛੇ ਲੋਕ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ, ਜਦੋਂਕਿ ਇੱਕ 13 ਸਾਲਾ ਲੜਕਾ ਘਰ ਪਰਤ ਰਿਹਾ ਸੀ ਜਦੋਂ ਉਨ੍ਹਾਂ ਉੱਤੇ ਬਿਜਲੀ ਡਿੱਗ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਛੇ ਤੇ ਪਲਾਮੂ ਵਿੱਚ ਦੋ ਮੌਤਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਇਸ ਦੌਰਾਨ, ਓਡੀਸ਼ਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਤਿੰਨ ਔਰਤਾਂ ਸਮੇਤ ਘੱਟੋ-ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ।

ਕੇਂਦਰੀ ਧਰਤੀ ਵਿਗਿਆਨ ਮੰਤਰੀ ਜਿਤੇਂਦਰ ਸਿੰਘ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ, ਬਿਜਲੀ ਦੀ ਗਤੀਵਿਧੀਆਂ ਨੇ ਦੇਸ਼ ਵਿੱਚ, ਖਾਸ ਕਰਕੇ ਉੱਤਰ -ਪੂਰਬ, ਪੂਰਬ ਤੇ ਪ੍ਰਾਇਦੀਪ ਦੇ ਕੁਝ ਹਿੱਸਿਆਂ ਵਿੱਚ ਵਧਦਾ ਰੁਝਾਨ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਮੱਧ ਭਾਰਤ ਵਿੱਚ ਘੱਟ ਤੋਂ ਘੱਟ ਤੇ ਬਾਕੀ ਦੇਸ਼ ਵਿੱਚ ਦਰਮਿਆਨਾ ਹੈ।