ਮੁੰਬਈ: ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹਨ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੰਦਰਾ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ 5 ਮਹੀਨਿਆਂ ਦੀ ਸਖਤ ਜਾਂਚ ਕੀਤੀ। ਕ੍ਰਾਈਮ ਬ੍ਰਾਂਚ ਦੀ ਟੀਮ ਅਸ਼ਲੀਲ ਫਿਲਮਾਂ ਬਣਾਉਣ ਵਾਲੇ ਗਰੋਹ ਬਾਰੇ ਸੁਰਾਗ ਲੱਭ ਰਹੀ ਸੀ, ਜਿਸ ਦੌਰਾਨ ਰਾਜ ਕੁੰਦਰਾ ਦਾ ਨਾਮ ਸਾਹਮਣੇ ਆਇਆ।



ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 20 ਸਾਲਾ ਸੰਘਰਸ਼ਸ਼ੀਲ ਅਦਾਕਾਰਾ ਨੂੰ ਨਿਸ਼ਾਨਾ ਬਣਾ ਕੇ ਉਹ ਉਸ ਨੂੰ ਕਨਟਰੈਕਟ ਵਿਚ ਫਸਾ ਕੇ ਫਿਲਮਾਂ ਵਿੱਚ ਕੰਮ ਕਰਨ ਲਈ ਮਜਬੂਰ ਕਰਦੇ ਸੀ। ਕੁੰਦਰਾ ਦੇ ਖ਼ਿਲਾਫ਼ 4 ਫਰਵਰੀ 2021 ਨੂੰ ਹੀ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ, ਪੁਲਿਸ ਕੋਲ ਕੁੰਦਰਾ ਦੇ ਖਿਲਾਫ ਇੱਕ ਬਿਆਨ ਤੋਂ ਇਲਾਵਾ ਕੁਝ ਨਹੀਂ ਸੀ, ਇਸ ਲਈ ਉਸ ਸਮੇਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।

ਤਿੰਨ ਦਿਨ ਪਹਿਲਾਂ ਮਲਾਡ ਵੈਸਟ ਦੇ ਮੈਡ ਪਿੰਡ ਵਿੱਚ ਕਿਰਾਏ ਦੇ ਬੰਗਲੇ 'ਤੇ ਛਾਪਾ ਮਾਰਿਆ ਸੀ ਤੇ ਉੱਥੋਂ ਠੋਸ ਸਬੂਤ ਮਿਲਣ 'ਤੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕੁੰਦਰਾ 'ਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਪ੍ਰਸਾਰਣ ਕਰਨ ਅਤੇ ਉਨ੍ਹਾਂ ਨੂੰ ਕੁਝ ਐਪਸ ਰਾਹੀਂ ਸਾਂਝਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਕੇਸ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੀਆਰ- 103/2021 ਦਰਜ ਕੀਤਾ ਸੀ। ਜਿਸ ਵਿੱਚ ਆਈਪੀਸੀ ਦੀ ਧਾਰਾ 292, 293, 420, 34 ਤੇ ਆਈਟੀ ਐਕਟ ਦੀ ਧਾਰਾ 67, 67 ਏ ਤੇ ਆਈਪੀਸੀ ਦੀ ਧਾਰਾ 420 ਸ਼ਾਮਲ ਕੀਤੀ ਗਈ ਸੀ।

 

ਇਸ ਕੇਸ ਦੀ ਜਾਂਚ ਵਿੱਚ ਕੁੰਦਰਾ ਦੀ ਕੰਪਨੀ ਦੇ ਭਾਰਤ ਮੁਖੀ ਉਮੇਸ਼ ਕਾਮਤ ਦਾ ਸੰਪਰਕ ਸਾਹਮਣੇ ਆਇਆ। ਇਸ ਸਾਲ 4 ਫਰਵਰੀ ਨੂੰ ਕ੍ਰਾਈਮ ਬ੍ਰਾਂਚ ਨੇ ਕਿਸੇ ਅਸ਼ਲੀਲ ਫਿਲਮ ਨਾਲ ਸਬੰਧਤ ਪਹਿਲਾ ਕੇਸ ਦਰਜ ਕੀਤਾ ਸੀ। ਉਸ ਤੋਂ ਬਾਅਦ ਮਹਾਰਾਸ਼ਟਰ ਸਾਈਬਰ ਪੁਲਿਸ ਦੁਆਰਾ ਦੋ, ਲੋਨਾਵਾਲਾ ਵਿੱਚ ਤੇ ਦੋ ਮਾਲਵਾਨੀ ਥਾਣੇ ਵਿੱਚ ਕੇਸ ਦਰਜ ਕੀਤੇ ਗਏ।

ਜੁਆਇੰਟ ਪੁਲਿਸ ਕਮਿਸ਼ਨਰ ਮਿਲਿੰਦ ਭਾਰੰਬੇ ਨੇ ਕਿਹਾ ਕਿ ਸ਼ਿਲਪਾ ਦੀ ਕੋਈ ਵੀ ਕਿਰਿਆਸ਼ੀਲ ਭੂਮਿਕਾ ਵੀਅਨ ਕੰਪਨੀ ਵਿੱਚ ਸਾਹਮਣੇ ਨਹੀਂ ਆਈ ਹੈ, ਪਰ ਅਸੀਂ ਉਸ ਦੀ ਭੂਮਿਕਾ ਦੀ ਪੜਤਾਲ ਕਰ ਰਹੇ ਹਾਂ। ਅਕਾਉਂਟ ਸ਼ੀਟ, ਵਟਸਐਪ ਚੈਟ ਤੇ ਅਸ਼ਲੀਲ ਕਲਿੱਪਾਂ ਕੁੰਦਰਾ ਦੇ ਦਫਤਰ ਤੋਂ ਮਿਲੀਆਂ ਹਨ। ਇਸ ਕੇਸ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਣਾ ਹੈ।

 

ਪੰਜ ਮਹੀਨਿਆਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਸ਼ਲੀਲ ਫਿਲਮਾਂ ਦੇ ਰੈਕੇਟ ਦਾ ਮਾਸਟਰਮਾਈਂਡ ਰਾਜ ਕੁੰਦਰਾ ਹੈ। ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਉਹ ਫਿਲਮ ਨਿਰਮਾਣ ਲਈ ਬਣਾਏ ਗਏ ਇੱਕ ਪ੍ਰੋਡਕਸ਼ਨ ਹਾਊਸ ਦੀ ਆੜ ਹੇਠ ਇੱਕ ਵੱਡਾ ਅਸ਼ਲੀਲ ਫਿਲਮ ਰੈਕੇਟ ਚਲਾਉਂਦਾ ਸੀ।

ਉਸ ਦੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਜ਼ਿਆਦਾਤਰ ਲੜਕੀਆਂ ਤੇ ਮੁੰਡੇ ਸੰਘਰਸ਼ਸ਼ੀਲ ਅਭਿਨੇਤਰੀਆਂ ਅਤੇ ਅਦਾਕਾਰ ਸਨ। ਉਹ 20 ਤੋਂ 25 ਸਾਲ ਦੇ ਕਲਾਕਾਰਾਂ ਦੀ ਚੋਣ ਕਰਦੇ ਸਨ। ਸ਼ੂਟਿੰਗ ਤੋਂ ਪਹਿਲਾਂ ਉਹ ਇਕਰਾਰਨਾਮੇ 'ਤੇ ਦਸਤਖਤ ਕਰਵਾਉਂਦੇ ਸੀ, ਜਿਸ ਵਿਚ ਇਕ ਧਾਰਾ ਸੀ ਕਿ ਉਹ ਆਪਣੀ ਮਰਜ਼ੀ 'ਤੇ ਫਿਲਮ ਛੱਡਣ ਲਈ ਕੇਸ ਦਾਇਰ ਕਰਨ ਦੀ ਕਲਾਜ ਸੀ। ਪੁਲਿਸ ਅਨੁਸਾਰ ਉਹ ਇੱਕ ਕਲਾਕਾਰ ਨੂੰ ਇੱਕ ਦਿਨ ਵਿੱਚ 30 ਤੋਂ 50 ਹਜ਼ਾਰ ਰੁਪਏ ਦਿੰਦੇ ਸਨ।  

ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਡ ਦੇ ਜਿਸ ਬੰਗਲੇ ਉਤੇ ਪੁਲਿਸ ਨੇ ਛਾਪਾ ਮਾਰਿਆ, ਉਸ ਲਈ ਰਾਜ ਕੁੰਦਰਾ ਦੀ ਟੀਮ ਨੇ 20,000 ਰੁਪਏ ਪ੍ਰਤੀ ਦਿਨ ਕਿਰਾਏ ਤੇ ਲਿਆ ਸੀ। ਮਾਲਕ ਨੇ ਪੁਲਿਸ ਨੂੰ ਦੱਸਿਆ ਹੈ ਕਿ ਭੋਜਪੁਰੀ ਅਤੇ ਮਰਾਠੀ ਫਿਲਮਾਂ ਦੀ ਸ਼ੂਟਿੰਗ ਦੇ ਨਾਂ 'ਤੇ ਉਸ ਤੋਂ ਇਹ ਬੰਗਲਾ ਕਿਰਾਏ 'ਤੇ ਲਿਆ ਗਿਆ ਸੀ। ਬੰਗਲੇ ਦੇ ਮਾਲਕ ਅਤੇ ਹੋਰ ਸਟਾਫ ਨੂੰ ਸ਼ੂਟਿੰਗ ਦੌਰਾਨ ਦੂਰ ਰਹਿਣ ਲਈ ਕਿਹਾ ਗਿਆ ਸੀ। ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬੰਗਲੇ ਨੂੰ ਨੀਲੇ ਪਰਦੇ ਨਾਲ ਸਾਰੇ ਪਾਸਿਓਂ  ਢੱਕ ਲਿਆ ਜਾਂਦਾ ਸੀ। ਸੈੱਟ ਬੰਗਲੇ ਦੇ ਅੰਦਰ ਬਣਾਇਆ ਗਿਆ ਸੀ।

 

ਸੂਤਰਾਂ ਦੇ ਅਨੁਸਾਰ ਮੁੰਬਈ ਪੁਲਿਸ ਨੂੰ ਦਿੱਤੇ ਇੱਕ ਬਿਆਨ ਵਿੱਚ ਇੱਕ ਸੰਘਰਸ਼ਸ਼ੀਲ ਮਾਡਲ ਨੇ ਦੱਸਿਆ ਕਿ ਫਿਲਮਾਂ ਵਿੱਚ ਸ਼ਾਮਲ ਜ਼ਿਆਦਾਤਰ ਲੜਕੀਆਂ ਮੁੰਬਈ ਤੋਂ ਬਾਹਰ ਦੀਆਂ ਸਨ। ਚੋਣ ਤੋਂ ਪਹਿਲਾਂ ਹਰੇਕ ਦਾ ਪ੍ਰੋਫਾਈਲ ਸ਼ੂਟ ਕੀਤਾ ਗਿਆ ਸੀ ਅਤੇ ਕਈ ਵਾਰ ਉਸਨੂੰ ਕੈਮਰੇ ਦੇ ਸਾਹਮਣੇ ਸਾਰੇ ਕਪੜੇ ਉਤਾਰਨ ਲਈ ਕਿਹਾ ਜਾਂਦਾ ਸੀ। ਇਹ ਪ੍ਰੋਫਾਈਲ ਇੱਕ ਚੋਣ ਟੀਮ ਕੋਲ ਭੇਜਿਆ ਜਾਂਦਾ ਸੀ। ਚੁਣੇ ਜਾਣ ਤੋਂ ਬਾਅਦ ਅਭਿਨੇਤਰੀ ਨੂੰ ਵੱਖ-ਵੱਖ ਥਾਵਾਂ 'ਤੇ ਸ਼ੂਟ ਲਈ ਬੁਲਾਇਆ ਜਾਂਦਾ ਸੀ। ਹਾਲਾਂਕਿ, ਜ਼ਿਆਦਾਤਰ ਔਰਤਾਂ ਕੈਮਰਾਮੈਨ ਅਤੇ ਔਰਤ ਨਿਰਮਾਤਾ ਸੈਟਾਂ 'ਤੇ ਰਹਿੰਦੀਆਂ ਸਨ। ਸ਼ੁਰੂ ਵਿੱਚ, ਕੁਝ ਦਿਨਾਂ ਲਈ ਸਧਾਰਣ ਸ਼ੂਟਿੰਗਾਂ ਕੀਤੀਆਂ ਜਾਂਦੀਆਂ ਸਨ ਅਤੇ ਫਿਰ ਬੋਲਡ ਦ੍ਰਿਸ਼ਾਂ ਲਈ ਦਬਾਅ ਬਣਾਇਆ ਜਾਂਦਾ ਸੀ

 

ਅਭਿਨੇਤਰੀ ਨੇ ਦੱਸਿਆ ਕਿ ਉਸ ਦਾ ਅਸ਼ਲੀਲ ਵੀਡੀਓ 'ਹਿੱਟ ਐਂਡ ਹੌਟ' ਨਾਮ ਦੇ ਐਪ 'ਤੇ ਅਪਲੋਡ ਕੀਤਾ ਗਿਆ ਸੀ। ਇਸ ਵਿੱਚ 200 ਰੁਪਏ ਦੀ ਗਾਹਕੀ ਲੈਣ ਤੋਂ ਬਾਅਦ, ਵੀਡੀਓ ਦੇਖਣ ਲਈ ਉਪਲਬਧ ਸੀ। ਅਦਾਕਾਰਾ ਨੇ ਫਿਰ ਪੁਲਿਸ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਆਪਣੀ ਸ਼ਿਕਾਇਤ ਵਿੱਚ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਦੀਆਂ ਕਈ ਵੀਡੀਓ ਟੈਲੀਗ੍ਰਾਮ 'ਤੇ ਵੀ ਪ੍ਰਸਾਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਸਭ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਅਭਿਨੇਤਰੀ ਮੁੰਬਈ ਛੱਡ ਗਈ ਹੈ।