Himachal Snowfall Update: 3 ਨੈਸ਼ਨਲ ਹਾਈਵੇ ਬਰਫ ਨਾਲ ਢੱਕੇ, 174 ਸੜਕਾਂ ਬੰਦ, 680 ਬਿਜਲੀ ਟਰਾਂਸਫਰ ਠੱਪ, 300 ਬੱਸਾਂ ਸਮੇਤ 1000 ਹਜ਼ਾਰ ਵਾਹਨ ਸੜਕਾਂ 'ਤੇ ਫਸੇ... ਇਹ ਹਾਲ ਹਿਮਾਚਲ ਪ੍ਰਦੇਸ਼ ਦਾ ਹੈ, ਜਿੱਥੇ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਬਰਫਬਾਰੀ ਹੋਈ। ਬਰਫਬਾਰੀ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਟਲ ਸੁਰੰਗ ਨੇੜੇ ਬਰਫਬਾਰੀ ਕਾਰਨ 4000 ਸੈਲਾਨੀ ਫਸੇ ਹੋਏ ਹਨ। ਮੌਸਮ ਵਿਭਾਗ ਨੇ ਵੀਰਵਾਰ ਤੱਕ ਬਿਲਾਸਪੁਰ, ਊਨਾ, ਹਮੀਰਪੁਰ ਤੇ ਮੰਡੀ ਵਿੱਚ ਕੜਾਕੇ ਦੀ ਠੰਢ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਅਜਿਹੇ 'ਚ ਹਿਮਾਚਲ ਪ੍ਰਦੇਸ਼ 'ਚ ਭਵਿੱਖ 'ਚ ਮੁਸ਼ਕਲਾਂ ਵਧ ਸਕਦੀਆਂ ਹਨ।
ਬਰਫਬਾਰੀ ਕਾਰਨ ਵੱਡੀ ਸਮੱਸਿਆ
ਹਿਮਾਚਲ ਪ੍ਰਦੇਸ਼ ਦੇ 5 ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਬਰਫ਼ਬਾਰੀ ਦਰਜ ਕੀਤੀ ਗਈ, ਰੋਹਤਾਂਗ ਵਿੱਚ 30 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ।
ਮਨਾਲੀ, ਕੁਫਰੀ, ਕੀਲੌਂਗ, ਡਲਹੌਜ਼ੀ ਤੇ ਰਾਜਧਾਨੀ ਸ਼ਿਮਲਾ ਵਿੱਚ 10 ਤੋਂ 15 ਸੈਂਟੀਮੀਟਰ ਤੱਕ ਬਰਫ਼ਬਾਰੀ ਦਰਜ ਕੀਤੀ ਗਈ।
ਬਰਫ਼ਬਾਰੀ ਤੋਂ ਬਾਅਦ ਅੱਪਰ ਸ਼ਿਮਲਾ ਅਤੇ ਕਿਨੌਰ ਜ਼ਿਲ੍ਹੇ ਰਾਜਧਾਨੀ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹਨ।
ਮਨਾਲੀ ਰੋਹਤਾਂਗ ਨੈਸ਼ਨਲ ਹਾਈਵੇਅ 03 ਕਈ ਥਾਵਾਂ 'ਤੇ ਬੰਦ ਹੈ।
ਸ਼ਿਮਲਾ-ਨਾਰਕੰਡਾ ਰਾਸ਼ਟਰੀ ਰਾਜਮਾਰਗ, ਥੀਓਗ-ਰੋਹੜੂ NH ਅਤੇ ਥੀਓਗ-ਚੌਪਾਲ ਹਾਈਵੇਅ ਸਮੇਤ 174 ਤੋਂ ਵੱਧ ਸੜਕਾਂ ਨੂੰ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਬਰਫਬਾਰੀ ਤੋਂ ਬਾਅਦ, ਮਨਾਲੀ ਸਮੇਤ ਵੱਖ-ਵੱਖ ਥਾਵਾਂ 'ਤੇ 300 ਤੋਂ ਵੱਧ ਬੱਸਾਂ ਅਤੇ 1000 ਛੋਟੇ ਵਾਹਨ ਇਨ੍ਹਾਂ ਸੜਕਾਂ 'ਤੇ ਫਸੇ ਹੋਏ ਹਨ।
ਬਰਫਬਾਰੀ ਕਾਰਨ 680 ਬਿਜਲੀ ਦੇ ਟਰਾਂਸਫਰ ਠੱਪ ਹੋ ਗਏ ਹਨ, ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।
ਸੈਲਾਨੀਆਂ ਦੀ ਲੱਗੀ ਭੀੜ
ਹਾਲਾਂਕਿ ਕ੍ਰਿਸਮਸ ਮਨਾਉਣ ਆਏ ਸੈਲਾਨੀਆਂ ਨੇ ਹਿਮਾਚਲ 'ਚ ਹੋਈ ਬਰਫਬਾਰੀ ਦਾ ਖੂਬ ਆਨੰਦ ਲਿਆ। ਬਰਫਬਾਰੀ ਦੌਰਾਨ ਸ਼ਿਮਲਾ ਦੇ ਇਤਿਹਾਸਕ ਰਿਜ 'ਤੇ ਸੈਲਾਨੀਆਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਬਰਫਬਾਰੀ ਕਾਰਨ ਆਵਾਜਾਈ 'ਤੇ ਕਾਫੀ ਅਸਰ ਪਿਆ ਹੈ। ਸੜਕਾਂ ਜਾਮ ਹੋਣ ਕਾਰਨ ਸੈਂਕੜੇ ਪੇਂਡੂ ਖੇਤਰ ਦਾ ਹੋਰ ਥਾਵਾਂ ਤੋਂ ਸੰਪਰਕ ਟੁੱਟਿਆ ਰਿਹਾ। ਇਸ ਕਾਰਨ ਮੰਜ਼ਿਲ ’ਤੇ ਜਾਣ ਵਾਲੇ ਵਾਹਨ ਅੱਧ ਵਿਚਕਾਰ ਹੀ ਫਸ ਗਏ।
ਦੂਜੇ ਪਾਸੇ ਸ਼ਿਮਲਾ ਦੇ ਡੀਸੀ ਅਨੁਪਮ ਕਸ਼ਯਪ ਦਾ ਕਹਿਣਾ ਹੈ ਕਿ ਸ਼ਿਮਲਾ ਜ਼ਿਲ੍ਹੇ ਵਿੱਚ ਬਰਫ਼ਬਾਰੀ ਤੋਂ ਬਾਅਦ 100 ਤੋਂ ਵੱਧ ਸੜਕਾਂ ਬੰਦ ਹਨ ਅਤੇ ਕਈ ਬੱਸਾਂ ਫਸ ਗਈਆਂ ਹਨ। ਸੜਕਾਂ ਨੂੰ ਖੋਲ੍ਹਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਸੜਕਾਂ ਨੂੰ ਖੋਲ੍ਹ ਦਿੱਤਾ ਜਾਵੇਗਾ।