ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਡਾਕਟਰ ਤੌਹੀਦ ਹੁਸੈਨ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਨੇ ਅਧਿਕਾਰਤ ਤੌਰ 'ਤੇ ਭਾਰਤ ਸਰਕਾਰ ਤੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਹੈ। ਅੱਜ ਮੰਤਰਾਲੇ ਵਿੱਚ ਮੀਡੀਆ ਨਾਲ ਗੱਲ ਕਰਦਿਆਂ, ਹੁਸੈਨ ਨੇ ਕਿਹਾ ਕਿ ਬੰਗਲਾਦੇਸ਼ ਨੇ ਭਾਰਤ ਸਰਕਾਰ ਨੂੰ ਇੱਕ “ਨੋਟ ਜ਼ੁਬਾਨੀ” ਭੇਜਿਆ ਹੈ, ਜਿਸ ਵਿੱਚ ਦੇਸ਼ ਵਿੱਚ ਨਿਆਂਇਕ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ।
77 ਸਾਲਾ ਹਸੀਨਾ ਬੰਗਲਾਦੇਸ਼ 'ਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ ਨੂੰ ਭਾਰਤ ਆਈ ਸੀ ਤੇ ਉਦੋਂ ਤੋਂ ਉਹ ਭਾਰਤ 'ਚ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ। ਢਾਕਾ ਸਥਿਤ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ (ITC) ਨੇ ਹਸੀਨਾ ਤੇ ਕਈ ਸਾਬਕਾ ਕੈਬਨਿਟ ਮੰਤਰੀਆਂ, ਸਲਾਹਕਾਰਾਂ ਅਤੇ ਫੌਜੀ ਅਤੇ ਅਧਿਕਾਰੀਆਂ ਦੇ ਖਿਲਾਫ "ਮਨੁੱਖਤਾ ਅਤੇ ਨਸਲਕੁਸ਼ੀ ਵਿਰੁੱਧ ਅਪਰਾਧ" ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਸੋਮਵਾਰ ਨੂੰ ਹੀ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਜਹਾਂਗੀਰ ਆਲਮ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਸ਼ੇਖ ਹਸੀਨਾ ਦੀ ਭਾਰਤ ਤੋਂ ਵਾਪਸੀ ਦੀ ਮੰਗ ਕੀਤੀ ਹੈ।
ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਵਿਚਕਾਰ 2013 ਵਿੱਚ ਹਵਾਲਗੀ ਸਬੰਧੀ ਇੱਕ ਸੰਧੀ 'ਤੇ ਦਸਤਖਤ ਕੀਤੇ ਗਏ ਸਨ। 2013 ਤੋਂ ਭਾਰਤ ਵਿਚਾਲੇ 'ਸਪੁਰਦਗੀਯੋਗ ਅਪਰਾਧ ਦੇ ਮਾਮਲਿਆਂ' ਵਿੱਚ ਦੋਸ਼ੀ ਜਾਂ ਭਗੌੜੇ ਦੋਸ਼ੀਆਂ ਅਤੇ ਕੈਦੀਆਂ ਨੂੰ ਇੱਕ-ਦੂਜੇ ਨੂੰ ਸੌਂਪਣ ਦਾ ਸਮਝੌਤਾ ਹੋਇਆ ਸੀ।
ਬੰਗਲਾਦੇਸ਼ ਸਰਕਾਰ ਨੇ ਕਿਹਾ ਹੈ ਕਿ ਇਸ ਸੰਧੀ ਦੇ ਤਹਿਤ ਉਹ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ। ਹਾਲਾਂਕਿ, ਇਸ ਸਪੁਰਦਗੀ ਸੰਧੀ ਦੇ ਇੱਕ ਭਾਗ ਵਿੱਚ ਕਿਹਾ ਗਿਆ ਹੈ ਕਿ ਜੇ ਹਵਾਲਗੀ ਕੀਤੇ ਜਾਣ ਵਾਲੇ ਵਿਅਕਤੀ ਦੇ ਖ਼ਿਲਾਫ਼ ਦੋਸ਼ ਸਿਆਸੀ ਕਿਸਮ ਦੇ ਹਨ, ਤਾਂ ਬੇਨਤੀ ਨੂੰ ਰੱਦ ਕੀਤਾ ਜਾ ਸਕਦਾ ਹੈ।
ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਹਵਾਲਗੀ ਸੰਧੀ ਸਿਆਸੀ ਮਾਮਲਿਆਂ ਨੂੰ ਛੱਡ ਕੇ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਦੀ ਹਵਾਲਗੀ ਦੀ ਇਜਾਜ਼ਤ ਦਿੰਦੀ ਹੈ। ਇਨ੍ਹਾਂ ਅਪਰਾਧਾਂ ਵਿੱਚ ਅੱਤਵਾਦ, ਬੰਬ ਧਮਾਕੇ, ਕਤਲ ਅਤੇ ਲਾਪਤਾ ਵਰਗੇ ਅਪਰਾਧ ਸ਼ਾਮਲ ਸਨ। ਹਾਲਾਂਕਿ, ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਸਮੂਹਿਕ ਕਤਲ, ਲੁੱਟ ਅਤੇ ਜਾਅਲਸਾਜ਼ੀ ਦੇ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਇਕ ਕਮਿਸ਼ਨ ਨੇ ਵੀ ਉਸ 'ਤੇ ਲੋਕਾਂ ਨੂੰ ਗਾਇਬ ਕਰਨ ਦਾ ਦੋਸ਼ ਲਗਾਇਆ ਹੈ।