ਭਾਵਨਗਰ (ਗੁਜਰਾਤ): ਤਿੰਨ ਫੁੱਟ ਦੇ ਗਣੇਸ਼ ਵਿੱਠਲਭਾਈ ਬਾਰੱਈਆ ਨੂੰ ਐਸਬੀਬੀਐਸ ਵਿੱਚ ਦਾਖ਼ਲਾ ਮਿਲ ਗਿਆ ਹੈ ਪਰ ਇਸ ਲਈ ਉਸ ਨੂੰ ਸੁਪਰੀਮ ਕੋਰਟ ਤਕ ਲੰਮੀ ਕਾਨੂੰਨੀ ਲੜਾਈ ਲੜਨੀ ਪਈ। ਵੀਰਵਾਰ ਨੂੰ ਮੈਡੀਕਲ ਕਾਲਜ ਵਿੱਚ ਉਸ ਦਾ ਪਹਿਲਾ ਦਿਨ ਸੀ। ਉਹ ਫਰਸਟ ਈਅਰ ਦੇ ਕਾਨਫਰੰਸ ਹਾਲ ਵਿੱਚ ਪਹਿਲੀ ਕਤਾਰ ਵਿੱਚ ਬੈਠਾ ਸੀ। ਜਦੋਂ ਉਸ ਨੂੰ ਡਿਗਰੀ ਦਿੱਤੀ ਜਾਏਗੀ ਤਾਂ ਉਸ ਦਾ ਨਾਂ ਸਭ ਤੋਂ ਛੋਟੇ ਕੱਦ ਦੀ ਵਜ੍ਹਾ ਕਰਕੇ ਗਿਨੀਜ਼ ਵਰਲਡ ਰਿਕਾਰਡਸ ਵਿੱਚ ਦਰਜ ਕੀਤਾ ਜਾਏਗਾ।

ਗਣੇਸ਼ ਨੇ ਕਿਹਾ ਕਿ ਕਾਲਜ ਵਿੱਚ ਉਸ ਦਾ ਪਹਿਲਾ ਦਿਨ ਸ਼ਾਨਦਾਰ ਰਿਹਾ। ਡਾਕਟਰਾਂ ਨੇ ਗਰਮਜੋਸ਼ੀ ਨਾਲ ਉਸ ਦਾ ਸਵਾਗਤ ਕੀਤਾ। ਉਸ ਨੇ ਕਿਹਾ ਕਿ ਉਹ ਬਹੁਤ ਚੰਗਾ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਸ ਡਿਗਰੀ ਲਈ ਉਸ ਨੇ ਦੋ ਮੋਰਚਿਆ, ਅਕਾਦਮਿਕ ਤੇ ਕਾਨੂੰਨੀ 'ਤੇ ਲੜਾਈ ਲੜੀ। ਉਸ ਨੇ ਕਿਹਾ ਕਿ ਉਹ ਬੇਹੱਦ ਖ਼ੁਸ਼ ਹੈ। ਉਸ ਨੇ ਸਭ ਦਾ ਸ਼ੁਕਰੀਆ ਕੀਤਾ।

ਦਰਅਸਲ ਗਣੇਸ਼ ਨੂੰ ਐਨਈਈਟੀ ਪ੍ਰੀਖਿਆ-2018 ਵਿੱਚ 223 ਅੰਕ ਮਿਲਣ ਦੇ ਬਾਵਜੂਦ ਮੈਡੀਕਲ ਕਾਲਜ ਵਿੱਚ ਦਾਖਲਾ ਨਹੀਂ ਮਿਲਿਆ। ਵਜ੍ਹਾ ਉਸ ਦੀ ਛੋਟਾ ਕੱਦ ਸੀ। ਉਸ ਨੂੰ ਕਿਸੇ ਵੀ ਮੈਡੀਕਲ ਕਾਲਜ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ। ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ 'ਤੇ ਫੈਸਲਾ ਉਸ ਦੇ ਹੱਕ ਵਿੱਚ ਸੁਣਾਇਆ ਗਿਆ। ਉਸ ਨੇ 12ਵੀਂ (ਵਿਗਿਆਨ) ਦੀ ਪ੍ਰੀਖਿਆ 87 ਫੀਸਦੀ ਅੰਕਾਂ ਨਾਲ ਪਾਸ ਕੀਤੀ ਸੀ।