ਅੱਯੋਧਿਆ: ਬਾਬਰੀ ਮਸਜਿਦ ਢਾਹੁਣ ਦੀ ਵਰ੍ਹੇਗੰਢ ਤੋਂ ਪਹਿਲਾਂ ਅਯੁੱਧਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਸਨ। ਇੱਕ ਉੱਚ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ 6 ਦਸੰਬਰ 1992 ਨੂੰ ਵਾਪਰੀ ਸੀ। ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਅਨੁਜ ਝਾ ਨੇ ਕਿਹਾ ਕਿ ‘ਰੈੱਡ ਜ਼ੋਨ’ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਪੈਂਦੇ ਰਾਮਜਨਮਭੂਮੀ ਦੇ ਨੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਇਸ ਦੇ ਨੇੜਲੇ ਹੋਰ ਮੁੱਖ ਧਾਰਮਿਕ ਸਥਾਨਾਂ ’ਤੇ ਵੀ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ।


ਉਨ੍ਹਾਂ ਕਿਹਾ, "ਫੈਸਲਾ ਆਉਣ ਤੱਕ ਅਸੀਂ ਸ਼ਹਿਰ ਅਤੇ ਜ਼ਿਲ੍ਹੇ ਦੇ ਹੋਰ ਹਿੱਸਿਆਂ 'ਚ ਸਖ਼ਤ ਨਜ਼ਰ ਸੀ ਅਤੇ ਬਾਬਰੀ (ਮਸਜਿਦ) ਢਾਹੁਣ ਦੀ ਵਰ੍ਹੇਗੰਢ (6 ਦਸੰਬਰ) ਤੱਕ ਸੁਰੱਖਿਆ ਪ੍ਰਣਾਲੀ ਸਖ਼ਤ ਰਹੇਗੀ।" ਉਨ੍ਹਾਂ ਕਿਹਾ, " ਸਾਡੀ ਅਗਲੀ ਚੁਣੌਤੀ ਦਸੰਬਰ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣੀ ਦੀ ਹੋਵੇਗੀ। ਮੈਨੂੰ ਉਮੀਦ ਹੈ ਕਿ ਅਯੁੱਧਿਆ ਦੇ ਲੋਕ ਪਰਿਪੱਕਤਾ ਦਿਖਾਉਣਗੇ ਕਿਉਂਕਿ ਉਹ ਸ਼ਾਂਤੀ ਪਸੰਦ ਹਨ।''

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 8 ਨਵੰਬਰ ਨੂੰ ਧਾਰਾ 144ਲਗਾਈ ਗਈ ਸੀ, ਜੋ 28 ਦਸੰਬਰ ਤੱਕ ਜਾਰੀ ਰਹੇਗੀ। ਅਯੁੱਧਿਆ 'ਚ ਪਹਿਲੀ ਵਾਰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੁਸਲਮਾਨਾਂ ਨੇ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਨਮਾਜ਼ ਅਦਾ ਕੀਤੀ।

ਦੱਸ ਦਈਏ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਤਕਰੀਬਨ ਸਦੀ ਪੁਰਾਣੇ ਵਿਵਾਦ ਬਾਰੇ ਆਪਣਾ ਫੈਸਲਾ ਦਿੱਤਾ ਸੀ।