ਥੱਪੜ ਮਾਰਨ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਵਿਅਕਤੀ ਸਾਡੀ ਜਥੇਬੰਦੀ ਦਾ ਮੈਂਬਰ ਨਹੀਂ। ਉਹ ਡਾਂਗ ਚੁੱਕ ਰਿਹਾ ਸੀ ਤੇ ਕੁਝ ਗ਼ਲਤ ਕਰਨ ਹੀ ਵਾਲਾ ਸੀ। ਉਹ ਪੱਤਰਕਾਰਾਂ ਨਾਲ ਵੀ ਦੁਰਵਿਹਾਰ ਕਰ ਰਿਹਾ ਸੀ, ਜੋ ਵੀ ਇੱਥੇ ਮਾੜੀ ਮਨਸ਼ਾ ਜਾਂ ਗ਼ਲਤ ਮਾਨਸਿਕਤਾ ਨਾਲ ਹਨ, ਉਹ ਤੁਰੰਤ ਇਹ ਜਗ੍ਹਾ ਛੱਡ ਦੇਣ।
ਇਸ ਦੌਰਾਨ ਕੇਂਦਰ ਨੇ ਕਿਸਾਨਾਂ ਦੇ ਵਿਰੋਧ ਕਾਰਨ ਗ਼ਾਜ਼ੀਆਬਾਦ ’ਚ ਕਾਨੂੰਨ ਤੇ ਵਿਵਸਥਾ ਬਰਕਰਾਰ ਰੱਖਣ ਲਈ ਰੈਪਿਡ ਐਕਸ਼ਨ ਫ਼ੋਰਸ (RAF) ਦੀਆਂ ਚਾਰ ਕੰਪਨੀਆਂ ਦੀ ਤਾਇਨਾਤੀ 4 ਫ਼ਰਵਰੀ ਤੱਕ ਵਧਾ ਦਿੱਤੀ ਹੈ। ਉਨ੍ਹਾਂ ਦੀ ਤਾਇਨਾਤੀ ਪਹਿਲਾਂ 28 ਜਨਵਰੀ ਤੱਕ ਸੀ ਪਰ ਕਿਸਾਨ ਅੰਦੋਲਨ ਜਾਰੀ ਰਹਿਣ ਕਾਰਣ ਉਹ ਮਿਆਦ ਅੱਗੇ ਵਧਾ ਦਿੱਤੀ ਗਈ ਹੈ।
ਗ਼ਾਜ਼ੀਪੁਰ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਗ਼ਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਰਨੇ ਵਾਲੀ ਥਾਂ ਖ਼ਾਲੀ ਕਰਨ ਦਾ ਨੋਟਿਸ ਵੀ ਦਿੱਤਾ ਹੈ ਪਰ ਕਿਸਾਨਾਂ ਨੇ ਉਹ ਜਗ੍ਹਾ ਖ਼ਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਰਾਕੇਸ਼ ਟਿਕੈਤ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਕੇ ਸੁਆਲ ਕੀਤਾ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੇ ਟ੍ਰੈਕਟਰ ਮਾਰਚ ਨਾਲ ਜੁੜਿਆ ਸਮਝੌਤਾ ਤੋੜਨ ਦੇ ਦੋਸ਼ ਹੇਠ ਕਿਉਂ ਨਾ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।