ਨਵੀਂ ਦਿੱਲੀ: ਲਾਲ ਕਿਲਾ ਹਿੰਸਾ ਮਗਰੋਂ ਸਰਕਾਰ ਨੇ ਅੰਦੋਲਨ ਕਰ ਰਹੇ ਕਿਸਾਨਾਂ ਉੱਪਰ ਸਖਤੀ ਕਰ ਦਿੱਤੀ। ਇੱਕ ਪਾਸੇ ਧੜਾਧੜ ਮੁਕੱਦਮੇ ਦਾਇਰ ਕੀਤੇ ਤੇ ਦੂਜੇ ਪਾਸੇ ਯੂਪੀ ਤੇ ਹਰਿਆਣਾ ਵਿੱਚ ਪੁਲਿਸ ਨੂੰ ਧਰਨੇ ਚੁਕਾਉਣ ਦੇ ਹੁਕਮ ਦੇ ਦਿੱਤੇ। ਜਦੋਂ ਪੁਲਿਸ ਗਾਜ਼ੀਪੁਰ ਧਰਨਾ ਚੁਕਵਾਉਣ ਗਈ ਤਾਂ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਜਜ਼ਬਾਤੀ ਭਾਸ਼ਨ ਨੇ ਸਾਰੀ ਖੇਡ ਹੀ ਪਲਟ ਦਿੱਤੀ। ਉਹ ਮੀਡੀਆ ਸਾਹਮਣੇ ਰੋ ਪਏ ਜਿਸ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਰਾਤੋ-ਰਾਤ ਸੜਕਾਂ 'ਤੇ ਕਿਸਾਨਾਂ ਦਾ ਹੜ੍ਹ ਆ ਗਿਆ।
ਇਹ ਰਿਪੋਰਟਾਂ ਮਿਲਣ ਮਗਰੋਂ ਸਰਕਾਰ ਵੀ ਬੈਕਫੁੱਟ 'ਤੇ ਆ ਗਈ। ਆਖਰ ਵੀਰਵਾਰ-ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਦਿੱਲੀ ਦੇ ਗ਼ਾਜ਼ੀਪੁਰ ਬਾਰਡਰ ’ਤੇ ਮਾਹੌਲ ਸ਼ਾਂਤ ਹੋ ਗਿਆ। ਸਰਕਾਰ ਨੇ ਉੱਥੋਂ ਸੁਰੱਖਿਆ ਬਲਾਂ ਨੂੰ ਹਟਾ ਲਿਆ। ਸਰਕਾਰ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਕਿ ਆਖ਼ਰ ਸੁਰੱਖਿਆ ਬਲਾਂ ਨੂੰ ਵਾਪਸ ਕਿਉਂ ਸੱਦ ਲਿਆ ਗਿਆ ਹੈ। ਰਾਤੀਂ 1:30 ਵਜੇ ਇਸ ਬਾਰਡਰ ਤੋਂ ਸਾਰੇ ਸੁਰੱਖਿਆ ਬਲ ਵਾਪਸ ਚਲੇ ਚਲੇ ਗਏ। ਅੱਧੀ ਰਾਤ ਨੂੰ ਉੱਥੇ ਬਿਜਲੀ ਵੀ ਬਹਾਲ ਕਰ ਦਿੱਤੀ ਗਈ।
ਦਰਅਸਲ ਗਣਤੰਤਰਰ ਦਿਵਸ ਮੌਕੇ ਕਿਸਾਨ ਯੂਨੀਅਨਾਂ ਦੀ ਟ੍ਰੈਕਟਰ ਰੈਲੀ ਤੋਂ ਬਾਅਦ ਗ਼ਾਜ਼ੀਪੁਰ ਬਾਰਡਰ ਉੱਤੇ ਮਾਹੌਲ ਤਣਾਅਪੂਰਨ ਹੋ ਗਿਆ ਸੀ। ਉਸ ਤੋਂ ਬਾਅਦ ਕਿਸਾਨ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਸਨ ਤੇ ਸਰਕਾਰ ਵੀ ਸਖ਼ਤੀ ਕਰਨ ਦੇ ਰੌਂਅ ਵਿੱਚ ਆ ਗਈ ਸੀ ਪਰ ਅੱਧੀ ਰਾਤ ਨੂੰ ਮਾਹੌਲ ਬਦਲ ਗਿਆ ਤੇ ਕਿਸਾਨ ਵੱਡੀ ਗਿਣਤੀ ’ਚ ਗ਼ਾਜ਼ੀਪੁਰ ਤੇ ਸਿੰਘੂ ਬਾਰਡਰ ਵੱਲ ਵਧਣ ਲੱਗ ਪਏ। ਕਿਸਾਨ ਵੱਡੀ ਗਿਣਤੀ ’ਚ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਦਿੱਲੀ ਵੱਲ ਵਹੀਰਾਂ ਘੱਤਦੇ ਤੱਕੇ ਗਏ।
ਦਰਅਸਲ, ਉਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਆਖ ਦਿੱਤਾ ਸੀ ਕਿ ਜੋ ਮਰਜ਼ੀ ਹੋ ਜਾਵੇ, ਉਹ ਧਰਨੇ ਵਾਲੀ ਥਾਂ ਖ਼ਾਲੀ ਨਹੀਂ ਕਰਨਗੇ ‘ਭਾਵੇਂ ਮੈਨੂੰ ਗੋਲੀ ਮਾਰ ਦਿੱਤੀ ਜਾਵੇ।’ ਕਾਂਗਰਸ ਤੇ ਆਰਐਲਡੀ ਨੇ ਕਿਸਾਨ ਯੂਨੀਅਨ ਦਾ ਤੁਰੰਤ ਸਮਰਥਨ ਕੀਤਾ।
ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲਾ ’ਚ ਵਾਪਰੀਆਂ ਕੁਝ ਹਿੰਸਕ ਘਟਨਾਵਾਂ ਤੋਂ ਬਾਅਦ ਰਾਕੇਸ਼ ਟਿਕੈਤ ਸਮੇਤ 37 ਕਿਸਾਨ ਆਗੂਆਂ ਵਿਰੁੱਧ ਕੇਸ ਦਰਜ ਕਰ ਲਏ ਗਏ ਸਨ। ਰਾਕੇਸ਼ ਟਿਕੈਤ ਨੇ ਰਾਤੀਂ ਧਰਨੇ ਵਾਲੀ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਇਹ ਕਿਸਾਨਾਂ ਉੱਤੇ ਹਮਲੇ ਕਰ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਗ਼ਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ ਦੇ ਬਾਵਜੂਦ ਉਹ ਇਸ ਜਗ੍ਹਾ ਨੂੰ ਖ਼ਾਲੀ ਨਹੀਂ ਕਰਨਗੇ।
ਟਿਕੈਤ ਨੇ ਕਿਹਾ ਕਿ ਜਦੋਂ ਤੱਕ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਤਦ ਤੱਕ ਉਹ ਇੱਥੋਂ ਹਿੱਲਣ ਵਾਲੇ ਨਹੀਂ ਹਨ ਤੇ ਜੇ ਇਹ ਕਾਨੂੰਨ ਰੱਦ ਨਾ ਕੀਤੇ ਗਏ, ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ। ਰਾਕੇਸ਼ ਟਿਕੈਤ ਦੇ ਇਸੇ ਜਜ਼ਬਾਤੀ ਬਿਆਨ ਤੋਂ ਬਾਅਦ ਮਾਹੌਲ ਤੁਰੰਤ ਪਲਟਣ ਲੱਗਾ। ਉਹ ਜਦੋਂ ਇਹ ਭਾਸ਼ਣ ਦੇ ਰਹੇ ਸਨ, ਤਦ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਦਾ ਘੇਰਾ ਹੋਰ ਵੀ ਜ਼ਿਆਦਾ ਤੰਗ ਕੀਤਾ ਜਾ ਰਿਹਾ ਸੀ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਤੇ ਆਰਐਲਡੀ ਦੇ ਮੁਖੀ ਅਜੀਤ ਸਿੰਘ ਨੇ ਤੁਰੰਤ ਰਾਕੇਸ਼ ਟਿਕੈਤ ਦੀ ਹਮਾਇਤ ਕੀਤੀ।
ਹਰਿਆਣਾ ਦੇ ਕੰਦੇਲਾ ਪਿੰਡ ਦੇ ਕਿਸਾਨਾਂ ਨੇ ਜੀਂਦ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ। ਪੰਜਾਬ ਤੇ ਹਰਿਆਣਾ ਦੀ ਏਕਤਾ ਦੇ ਨਾਅਰੇ ਬੁਲੰਦ ਹੋਣ ਲੱਗੇ। ਦੇਰ ਰਾਤੀਂ ਪੰਜਾਬ ਦੇ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਤੇ ਰਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਅੰਦੋਲਨ ਨੂੰ ਬਚਾਉਣ ਲਈ ਤੁਰੰਤ ਦਿੱਲੀ ਬਾਰਡਰ ਵੱਲ ਕੂਚ ਕਰਨ। ਉਨ੍ਹਾਂ ਕਿਹਾ ਕਿ ਗ਼ਾਜ਼ੀਪੁਰ ਬਾਰਡਰ ਉੱਤੇ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ, ਇਹੋ ਜਿਹੀ ਕੋਸ਼ਿਸ਼ ਟੀਕਰੀ ਤੇ ਸਿੰਘੂ ਬਾਰਡਰ ਉੱਤੇ ਵੀ ਹੋ ਸਕਦੀ ਹੈ।
ਗ਼ਾਜ਼ੀਪੁਰ ਬਾਰਡਰ ਉੱਤੇ ਕਿਸਾਨ ਯੂਨੀਅਨ ਦੇ ਝੰਡਿਆਂ ਤੇ ਟ੍ਰੈਕਟਰਾਂ ਦਾ ਵੱਡਾ ਹਜੂਮ ਵੇਖਿਆ ਜਾ ਸਕਦਾ ਹੈ। ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲੱਗ ਰਹੇ ਹਨ। 78 ਸਾਲਾ ਜਗਜੀਤ ਸਿੰਘ ਰਾਠੀ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋੜ ਪੈਣ ਉੱਤੇ ਖੜ੍ਹੇ ਰਹਿ ਕੇ ਧਰਨਾ ਦਿੱਤਾ ਜਾਵੇਗਾ। ਕੁਝ ਇਹੋ ਜਿਹਾ ਜੋਸ਼ੀਲਾ ਮਾਹੌਲ ਬਾਰਡਰ ਉੱਤੇ ਬਣਿਆ ਹੋਇਆ ਹੈ। ਕਿਸਾਨ ਰਾਠੀ ਤੋਂ ਸਹੀ ਤਰੀਕੇ ਚੱਲਿਆ ਵੀ ਨਹੀਂ ਜਾਂਦਾ। ਉਹ ਸੋਟੀ ਦੇ ਸਹਾਰੇ ਨਾਲ ਮਸਾਂ ਤੁਰਦੇ ਹਨ ਪਰ ਉਹ ਖੜ੍ਹੇ ਹੋ ਕੇ ਧਰਨਾ ਦੇਣ ਲਈ ਡਟੇ ਹੋਏ ਹਨ।