Tirupati Temple Stampede: ਤਿਰੂਪਤੀ ਵਿਸ਼ਨੂੰ ਨਿਵਾਸਮ ਰਿਹਾਇਸ਼ੀ ਕੰਪਲੈਕਸ ਵਿੱਚ ਭਗਦੜ ਮਚਣ ਕਾਰਨ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ। ਦੱਸ ਦੇਈਏ ਕਿ ਇਹ ਘਟਨਾ ਬੁੱਧਵਾਰ (9 ਜਨਵਰੀ) ਰਾਤ ਨੂੰ ਵਾਪਰੀ। ਇਹ ਭਾਣਾ ਉਸ ਸਮੇਂ ਵਾਪਰਿਆ ਜਦੋਂ ਵੈਕੁੰਠ ਦੁਆਰ ਵਿਖੇ ਦਰਸ਼ਨ ਲਈ ਟੋਕਨ ਲੈਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ, ਜਿਸ ਕਾਰਨ ਭਗਦੜ ਮਚ ਗਈ।


ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਤਾਮਿਲਨਾਡੂ ਦੀ ਰਹਿਣ ਵਾਲੀ ਮਲਿਕਾ ਵਜੋਂ ਹੋਈ ਹੈ।
 
ਜਾਣੋ ਕਿਵੇਂ ਪਈਆਂ ਭਾਜੜਾਂ


ਹਜ਼ਾਰਾਂ ਸ਼ਰਧਾਲੂ ਪਵਿੱਤਰ ਵੈਕੁੰਠ ਏਕਾਦਸ਼ੀ ਦੇ ਮੌਕੇ 'ਤੇ ਦਰਸ਼ਨਾਂ ਲਈ ਟੋਕਨ ਲੈਣ ਲਈ ਪਹੁੰਚੇ ਹੋਏ ਸਨ। ਵੀਰਵਾਰ ਸਵੇਰੇ 5 ਵਜੇ ਤੋਂ 9 ਕਾਊਂਟਰਾਂ 'ਤੇ ਟੋਕਨ ਵੰਡਣ ਦਾ ਪ੍ਰੋਗਰਾਮ ਸੀ। ਤਿਰੂਪਤੀ ਸ਼ਹਿਰ ਵਿੱਚ ਅੱਠ ਥਾਵਾਂ 'ਤੇ ਟਿਕਟ ਵੰਡ ਕੇਂਦਰ ਸਥਾਪਿਤ ਕੀਤੇ ਗਏ ਸਨ, ਪਰ ਸ਼ਰਧਾਲੂ ਪਹਿਲਾਂ ਹੀ ਇਸ ਸ਼ੁਭ ਮੌਕੇ ਨੂੰ ਮਨਾਉਣ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ ਅਤੇ ਸ਼ਾਮ ਨੂੰ, ਇੱਕ ਸਕੂਲ ਵਿੱਚ ਬਣਾਏ ਗਏ ਕੇਂਦਰ 'ਤੇ ਭੀੜ ਬੇਕਾਬੂ ਹੋ ਗਈ ਅਤੇ ਭਗਦੜ ਮਚ ਗਈ।


ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।


ਹਾਦਸੇ ਤੋਂ ਬਾਅਦ, 40 ਜ਼ਖਮੀਆਂ ਵਿੱਚੋਂ 28 ਨੂੰ ਰੁਈਆ ਹਸਪਤਾਲ ਅਤੇ 12 ਨੂੰ ਸਿਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਹਾਲਾਂਕਿ ਬਦਕਿਸਮਤੀ ਨਾਲ 4 ਸ਼ਰਧਾਲੂਆਂ ਦੀ ਰੁਈਆ ਵਿੱਚ ਅਤੇ 2 ਦੀ ਸਿਮਜ਼ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿੱਚ 5 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ।


ਐਨਡੀਏ ਸਰਕਾਰ ਹੋਈ ਐਕਟਿਵ


ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਰਾਹਤ ਕਾਰਜਾਂ ਦਾ ਵਾਅਦਾ ਕੀਤਾ। ਜਿੱਥੇ ਹਾਦਸੇ ਤੋਂ ਤੁਰੰਤ ਬਾਅਦ, ਉਨ੍ਹਾਂ ਨੇ ਤਿਰੂਪਤੀ ਪ੍ਰਸ਼ਾਸਨ ਅਤੇ ਟੀਟੀਡੀ ਦੇ ਅਧਿਕਾਰੀਆਂ ਨਾਲ ਟੈਲੀ ਕਾਨਫਰੰਸ ਕਰਕੇ ਜਾਣਕਾਰੀ ਇਕੱਠੀ ਕਰਨ ਅਤੇ ਜ਼ਰੂਰੀ ਆਦੇਸ਼ ਦਿੱਤੇ। ਵੀਰਵਾਰ ਨੂੰ ਮੁੱਖ ਮੰਤਰੀ ਖੁਦ ਦੁਪਹਿਰ ਵੇਲੇ ਤਿਰੂਪਤੀ ਪਹੁੰਚਣਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ। ਇਸ ਦੌਰਾਨ, ਵਿਰੋਧੀ YSRCP ਨੇ ਹਾਦਸੇ ਨੂੰ ਲਾਪਰਵਾਹੀ ਦਾ ਨਤੀਜਾ ਦੱਸਿਆ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।


ਵੈਕੁੰਠ ਏਕਾਦਸ਼ੀ ਦਾ ਪ੍ਰੋਗਰਾਮ


ਵੈਕੁੰਠ ਏਕਾਦਸ਼ੀ ਸ਼ੁੱਕਰਵਾਰ (10 ਜਨਵਰੀ, 2025) ਨੂੰ ਮਨਾਈ ਜਾਵੇਗੀ। ਟੀਟੀਡੀ ਨੇ ਇਸ ਪਵਿੱਤਰ ਮੌਕੇ 'ਤੇ, 10 ਜਨਵਰੀ ਤੋਂ 19 ਜਨਵਰੀ ਤੱਕ ਤਿਰੂਮਾਲਾ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।