ਕੋਲਕਾਤਾ: ਪੱਛਮ ਬੰਗਾਲ ਵਿੱਚ ਚੋਣਾਂ ਖ਼ਤਮ ਹੋਣ ਦੇ ਬਾਵਜੂਦ ਸਿਆਸੀ ਹਿੰਸਾ ਜਾਰੀ ਹੈ। ਉੱਤਰੀ 24 ਪਰਗਨਾ ਦੇ ਦਮਦਮ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਇੱਕ ਨੇਤਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਟੀਐਮਸੀ ਨੇਤਾ ਦੀ ਪਛਾਣ ਦਮਦਮ ਨਗਰ ਨਿਗਮ ਦੇ ਵਾਰਡ 6 ਦੇ ਪ੍ਰਧਾਨ ਨਿਰਮਲ ਕੁੰਦੂ ਵਜੋਂ ਹੋਈ ਹੈ। ਰਿਸ਼ਤੇਦਾਰਾਂ ਮੁਤਾਬਕ ਤਿੰਨ ਬਦਮਾਸ਼ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ ਲੀਡਰ ਨੂੰ ਗੋਲ਼ੀ ਮਾਰ ਦਿੱਤੀ। ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਟੀਐਮਸੀ ਨੇ ਇਸ ਘਟਨਾ ਲਈ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


ਉੱਧਰ ਬਰਦਵਾਨ ਵਿੱਚ ਵੀ ਬੀਜੇਪੀ ਅਤੇ ਤ੍ਰਿਣਮੂਲ ਵਰਕਰਾਂ ਵਿਚਾਲੇ ਝੜਪ ਹੋ ਗਈ ਸੀ। ਦੋਵਾਂ ਧਿਰਾਂ ਦੇ ਲੋਕਾਂ ਨੇ ਕਈ ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੋਣਾਂ ਵਿੱਚ ਵੀ ਬੀਜੇਪੀ ਦੀ ਜਿੱਤ ਤੋਂ ਬਾਅਦ, ਪਾਰਟੀ ਵਰਕਰ ਬਰਦਵਾਨ ਵਿੱਚ ਜਦੋਂ ਮਠਿਆਈਆਂ ਵੰਡ ਰਹੇ ਸੀ ਤਾਂ ਉਸ ਵੇਲੇ ਵੀ ਉਨ੍ਹਾਂ ਦੀ ਟੀਐਮਸੀ ਵਰਕਰਾਂ ਨਾਲ ਝੜਪ ਹੋ ਗੀ ਸੀ। ਬੀਜੇਪੀ ਲੀਡਰਾਂ ਨੇ ਇਲਜ਼ਾਮ ਲਾਇਆ ਹੈ ਕਿ ਹਿੰਸਾ ਮਮਤਾ ਬੈਨਰਜੀ ਦੇ ਵਰਕਰਾਂ ਨੇ ਕੀਤੀ।



ਯਾਦ ਰਹੇ ਲੋਕ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ ਵਿੱਚ ਭਿਆਨਕ ਹਿੰਸਾ ਹੋਈ ਸੀ। ਸਾਰੇ ਸੱਤ ਪੜਾਵਾਂ ਦੀਆਂ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਤੇ ਬੀਜੇਪੀ ਵਰਕਰ ਕਈ ਆਹਮੋ-ਸਾਹਮਣੇ ਹੋਏ। ਬੀਜੇਪੀ ਦਾ ਦਾਅਵਾ ਹੈ ਕਿ ਉਸ ਦੇ 50 ਤੋਂ ਵੱਧ ਵਰਕਰ ਚੋਣ ਹਿੰਸਾ ਵਿੱਚ ਮਾਰੇ ਗਏ। ਇਸ ਦੇ ਨਾਲ ਹੀ ਟੀਐਮਸੀ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਵਰਕਰ ਟੀਏਐਮਸੀ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।